ਹਲਦਵਾਨੀ ਹਿੰਸਾ ਦਾ ਮੁੱਖ ਸਾਜ਼ਸ਼ਕਰਤਾ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ
By admin / February 24, 2024 / No Comments / Punjabi News
ਹਲਦਵਾਨੀ: ਉਤਰਾਖੰਡ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਤਰਾਖੰਡ ਪੁਲਿਸ ਨੇ ਹਲਦਵਾਨੀ ਹਿੰਸਾ (Haldwani violence) ਦੇ ਕਥਿਤ ਮੁੱਖ ਸਾਜ਼ਸ਼ਕਰਤਾ ਅਬਦੁਲ ਮਲਿਕ (Abdul Malik) ਨੂੰ ਬੀਤੇ ਦਿਨ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਹਲਦਵਾਨੀ ਲਿਆਂਦਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ।ਨੈਨੀਤਾਲ ਦੇ ਸੀਨੀਅਰ ਪੁਲਿਸ ਸੁਪਰਡੈਂਟ ਪ੍ਰਹਿਲਾਦ ਨਾਰਾਇਣ ਮੀਨਾ ਨੇ ਕਿਹਾ ਕਿ ਮਲਿਕ ਅਤੇ ਉਸ ਦੇ ਬੇਟੇ ਅਬਦੁਲ ਮੋਈਦ ਦੀ ਭਾਲ ਲਈ ਗੁਜਰਾਤ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਵੱਖ-ਵੱਖ ਸੂਬਿਆਂ ’ਚ ਛੇ ਟੀਮਾਂ ਦਾ ਗਠਨ ਕੀਤਾ ਗਿਆ ਸੀ। ਮੀਨਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਕ ਟੀਮ ਨੇ ਮਲਿਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ ਪਰ ਉਸ ਦਾ ਬੇਟਾ ਅਜੇ ਵੀ ਫਰਾਰ ਹੈ।
ਉਨ੍ਹਾਂ ਕਿਹਾ, ‘‘ਅਸੀਂ ਮਲਿਕ ਨੂੰ ਹਲਦਵਾਨੀ ਲੈ ਕੇ ਆਏ ਹਾਂ। ਉਹ ਸਾਡੀ ਹਿਰਾਸਤ ’ਚ ਹੈ। ਉਸ ਨੂੰ ਜਲਦੀ ਤੋਂ ਜਲਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।’’ਪੁਲਿਸ ਨੇ ਦਸਿਆ ਕਿ ਮਲਿਕ ਤੋਂ ਇਲਾਵਾ ਬੀਤੇ ਦਿਨ ਦੋ ਹੋਰ ਦੰਗਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਇਸ ਮਾਮਲੇ ’ਚ ਗ੍ਰਿਫ਼ਤਾਰੀਆਂ ਦੀ ਕੁਲ ਗਿਣਤੀ 81 ਹੋ ਗਈ ਹੈ। ਮਲਿਕ ਨੇ ਹਲਦਵਾਨੀ ਦੇ ਬਨਭੁਲਪੁਰਾ ਇਲਾਕੇ ’ਚ ਕਥਿਤ ਤੌਰ ’ਤੇ ਇਕ ‘ਗੈਰਕਾਨੂੰਨੀ’ ਮਦਰੱਸਾ ਸਥਾਪਤ ਕੀਤਾ ਸੀ। ਢਾਂਚਾ ਢਾਹੁਣ ਤੋਂ ਬਾਅਦ 8 ਫ਼ਰਵਰੀ ਨੂੰ ਹਲਦਵਾਨੀ ਦੇ ਬਨਭੁਲਪੁਰਾ ਇਲਾਕੇ ’ਚ ਹਿੰਸਾ ਭੜਕ ਗਈ ਸੀ। ਮਲਿਕ ਨੇ ਪ੍ਰਸ਼ਾਸਨ ਦੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਅਤੇ ਉਸ ਦੀ ਪਤਨੀ ਸਫੀਆ ਨੇ ਮਦਰੱਸੇ ਨੂੰ ਢਾਹੁਣ ਦੇ ਨਗਰ ਨਿਗਮ ਦੇ ਨੋਟਿਸ ਨੂੰ ਚੁਨੌਤੀ ਦਿੰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
ਹਾਲਾਂਕਿ, ਅਦਾਲਤ ਨੇ ਉਨ੍ਹਾਂ ਨੂੰ ਤੁਰਤ ਰਾਹਤ ਨਹੀਂ ਦਿਤੀ ਅਤੇ ਮਦਰੱਸੇ ਨੂੰ ਢਾਹ ਦਿਤਾ ਗਿਆ, ਜਿਸ ਕਾਰਨ ਮੁਸਲਿਮ ਬਹੁਗਿਣਤੀ ਵਾਲੇ ਬਨਭੁਲਪੁਰਾ ਇਲਾਕੇ ’ਚ ਪੱਥਰਬਾਜ਼ੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ। ਮਲਿਕ ਅਤੇ ਉਸ ਦੇ ਬੇਟੇ ਵਿਰੁਧ 16 ਫ਼ਰਵਰੀ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ। ਬਨਭੁਲਪੁਰਾ ਹਿੰਸਾ ’ਚ ਛੇ ਵਿਅਕਤੀ ਮਾਰੇ ਗਏ ਸਨ ਅਤੇ ਪੁਲਿਸ ਮੁਲਾਜ਼ਮਾਂ ਅਤੇ ਪੱਤਰਕਾਰਾਂ ਸਮੇਤ 100 ਤੋਂ ਵੱਧ ਜ਼ਖਮੀ ਹੋਏ ਸਨ। ਸ਼ੁਰੂ ’ਚ ਦਰਜ ਕੀਤੀਆਂ ਗਈਆਂ ਤਿੰਨ ਐਫ.ਆਈ.ਆਰਜ਼ ਤੋਂ ਇਲਾਵਾ, ਪੁਲਿਸ ਨੇ ਮਲਿਕ ਅਤੇ ਉਸ ਦੀ ਪਤਨੀ ਸਫੀਆ ਸਮੇਤ ਛੇ ਵਿਅਕਤੀਆਂ ਵਿਰੁਧ ਅਪਰਾਧਕ ਸਾਜ਼ਸ਼ ਰਚਣ, ਗੈਰ-ਕਾਨੂੰਨੀ ਉਸਾਰੀਆਂ ਕਰਨ ਅਤੇ ਜ਼ਮੀਨ ਦੇ ਤਬਾਦਲੇ ਲਈ ਇਕ ਮ੍ਰਿਤਕ ਵਿਅਕਤੀ ਦੇ ਨਾਮ ਦੀ ਵਰਤੋਂ ਕਰ ਕੇ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦੇ ਹੋਏ ਇਕ ਨਵਾਂ ਕੇਸ ਦਰਜ ਕੀਤਾ ਸੀ।
ਐੱਸ.ਐੱਸ.ਪੀ. ਨੇ ਦਸਿਆ ਕਿ ਨਵੇਂ ਕੇਸ ’ਚ ਮੁਲਜ਼ਮਾਂ ’ਤੇ ਝੂਠੇ ਹਲਫਨਾਮਿਆਂ ਦੇ ਅਧਾਰ ’ਤੇ ਸਰਕਾਰੀ ਵਿਭਾਗਾਂ ਅਤੇ ਅਦਾਲਤ ਨੂੰ ਗੁਮਰਾਹ ਕਰਨ ਦੀ ਅਪਰਾਧਕ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ’ਤੇ ਆਈਪੀਸੀ ਦੀ ਧਾਰਾ 120 ਬੀ , 417 ਅਤੇ 420 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ’ਤੇ ਝੂਠੇ ਹਲਫਨਾਮਿਆਂ ਦੇ ਆਧਾਰ ’ਤੇ ਸਰਕਾਰੀ ਵਿਭਾਗਾਂ ਅਤੇ ਅਦਾਲਤ ਨੂੰ ਗੁਮਰਾਹ ਕਰਨ ਦੀ ਅਪਰਾਧਕ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਉੱਤਰਾਖੰਡ ਦੇ ਡੀ.ਜੀ.ਪੀ. ਅਭਿਨਵ ਕੁਮਾਰ ਨੇ ਸਬ-ਇੰਸਪੈਕਟਰ ਅਨੀਸ ਅਹਿਮਦ ਦੀ ਅਗਵਾਈ ਵਾਲੀ ਪੁਲਿਸ ਟੀਮ ਨੂੰ 50,000 ਰੁਪਏ ਦਾ ਨਕਦ ਇਨਾਮ ਦਿਤਾ ਹੈ।