ਪੰਚਕੂਲਾ : ਪੰਚਕੂਲਾ ‘ਚ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ (Police Director General Shatrujit Kapur) ਨੇ ਅੱਜ ਪੁਲਿਸ ਸ਼ਹੀਦੀ ਦਿਵਸ ਦੇ ਮੌਕੇ ‘ਤੇ ਪੁਲਿਸ ਲਾਈਨਜ਼ ‘ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਗੈਂਗਸਟਰ ਲਾਰੈਂਸ ਦੇ ਅਪਰਾਧਿਕ ਮਾਮਲਿਆਂ ਵਿੱਚ ਹਰਿਆਣਾ ਪੁਲਿਸ ਦੇ ਪੂਰਨ ਸਹਿਯੋਗ ਦੀ ਗੱਲ ਕੀਤੀ।
ਅਪਰਾਧੀ ਤਾਂ ਅਪਰਾਧੀ ਹੁੰਦਾ ਹੈ
ਉਨ੍ਹਾਂ ਕਿਹਾ ਕਿ ‘ਲਾਰੈਂਸ ਖ਼ਿਲਾਫ਼ ਲਟਕ ਰਹੇ ਵੱਖ-ਵੱਖ ਕਤਲ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਹਰਿਆਣਾ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਬਾਬਾ ਸਿੱਦੀਕੀ ਕਤਲ ਕਾਂਡ ਹੋਵੇ ਜਾਂ ਕੋਈ ਹੋਰ ਮਾਮਲਾ, ਜਿੱਥੇ ਕਿਤੇ ਵੀ ਇਹ ਵਾਰਦਾਤ ਹੋਈ ਹੈ, ਉਸ ਥਾਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਰਿਆਣਾ ਪੁਲਿਸ ਇਸ ਕਾਰਵਾਈ ਵਿੱਚ ਪੂਰਾ ਸਹਿਯੋਗ ਕਰੇਗੀ। ਸ਼ਤਰੂਜੀਤ ਕਪੂਰ ਨੇ ਇਹ ਵੀ ਸਪੱਸ਼ਟ ਕੀਤਾ ਕਿ ‘ਅਪਰਾਧੀ ਕਿਸੇ ਇਕ ਜਗ੍ਹਾ ਜਾਂ ਸ਼ਹਿਰ ਨਾਲ ਸਬੰਧਤ ਨਹੀਂ ਹੁੰਦੇ, ਅਪਰਾਧੀ ਅਪਰਾਧੀ ਹੁੰਦਾ ਹੈ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਪਰੇਡ ਦਾ ਆਯੋਜਨ ਕੀਤਾ
ਇਸ ਤੋਂ ਪਹਿਲਾਂ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਸ਼ਹੀਦੀ ਦਿਵਸ ਮੌਕੇ ‘ਪੁਲਿਸ ਸ਼ਹੀਦ ਸਮਾਰਕ’ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਦੇਸ਼ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ 21 ਅਕਤੂਬਰ 1969 ਵਿੱਚ ਲੱਦਾਖ ਵਿੱਚ ਚੀਨੀ ਸੈਨਿਕਾਂ ਦੁਆਰਾ ਮਾਰੇ ਗਏ 10 ਭਾਰਤੀ ਪੁਲਿਸ ਕਾਂਸਟੇਬਲਾਂ ਦੀ ਯਾਦ ਵਿੱਚ ਪੁਲਿਸ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦੇਸ਼ ਭਰ ਵਿੱਚ 214 ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ। ਜਿਨ੍ਹਾਂ ਦੀ ਯਾਦ ਵਿੱਚ ਅੱਜ ਦੇ ਦਿਨ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪੁਲਿਸ ਪਰੇਡ ਦਾ ਆਯੋਜਨ ਕੀਤਾ ਗਿਆ।