ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵੀਡੀਓ ਫੁਟੇਜ ਆਈ ਸਾਹਮਣੇ
By admin / March 8, 2024 / No Comments / Punjabi News
ਓਟਾਵਾ : ਭਾਰਤ ਵਿਚ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ (Terrorist Hardeep Singh Nijhar) ਦੇ ਕਤਲ ਦੀ ਕਥਿਤ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਨਿੱਝਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨੂੰ ‘ਕਾਂਟਰੈਕਟ ਕਿਲਿੰਗ’ ਦੱਸਿਆ ਗਿਆ ਹੈ। ਕੈਨੇਡਾ ਦੀ ਇੱਕ ਰਿਪੋਰਟ ਵਿੱਚ ਨਿੱਝਰ, ਜਿਸ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (National Investigation Agency) ਵੱਲੋਂ 2020 ਵਿੱਚ ਇੱਕ ਅੱਤਵਾਦੀ ਨਾਮਜ਼ਦ ਕੀਤਾ ਗਿਆ ਸੀ, ਨੂੰ 18 ਜੂਨ 2023 ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਤੋਂ ਬਾਹਰ ਆਉਣ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।
ਰਿਪੋਰਟ ਮੁਤਾਬਕ ਵੀਡੀਓ ‘ਦਿ ਫਿਫਥ ਅਸਟੇਟ’ ਵੱਲੋਂ ਪ੍ਰਾਪਤ ਕੀਤੀ ਗਈ ਹੈ ਅਤੇ ਇੱਕ ਤੋਂ ਵੱਧ ਸਰੋਤਾਂ ਵੱਲੋਂ ਸੁਤੰਤਰ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ। ਇਸ ਹਮਲੇ ਵਿਚ 6 ਲੋਕ ਅਤੇ 2 ਵਾਹਨ ਸ਼ਾਮਲ ਸਨ। ਵੀਡੀਓ ਵਿੱਚ ਨਿੱਝਰ ਆਪਣੇ ਸਲੇਟੀ ਰੰਗ ਦੇ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਸੇਡਾਨ ਉਸਦੇ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਨਿੱਝਰ ਆਪਣਾ ਪਿਕਅੱਪ ਟਰੱਕ ਰੋਕ ਲੈਂਦਾ ਹੈ। ਰਿਪੋਰਟ ਮੁਤਾਬਕ ਫਿਰ 2 ਲੋਕ ਦੌੜਦੇ ਹਨ ਅਤੇ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿੱਚ ਭੱਜਣ ਤੋਂ ਪਹਿਲਾਂ ਨਿੱਝਰ ਨੂੰ ਗੋਲੀਆਂ ਮਾਰ ਦਿੰਦੇ ਹਨ।
ਦੋ ਗਵਾਹ, ਜੋ ਘਟਨਾ ਦੇ ਸਮੇਂ ਨੇੜੇ ਦੇ ਇੱਕ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ, ਨੇ ਖੁਲਾਸਾ ਕੀਤਾ ਕਿ ਉਹ ਉਸ ਜਗ੍ਹਾ ਵੱਲ ਭੱਜੇ, ਜਿੱਥੋਂ ਗੋਲੀਆਂ ਦੀ ਆਵਾਜ਼ ਆਈ ਸੀ ਅਤੇ ਉਨ੍ਹਾਂ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਗਵਾਹ ਭੁਪਿੰਦਰਜੀਤ ਸਿੰਘ ਸਿੱਧੂ ਨੇ ਦਿ ਫਿਫਥ ਅਸਟੇਟ ਨੂੰ ਦੱਸਿਆ, ‘ਅਸੀਂ ਉਨ੍ਹਾਂ ਦੋ ਵਿਅਕਤੀਆਂ ਨੂੰ ਭੱਜਦੇ ਦੇਖਿਆ। ਅਸੀਂ ਉਸ ਪਾਸੇ ਭੱਜਣ ਲੱਗੇ… ਜਿੱਥੋਂ ਆਵਾਜ਼ ਆ ਰਹੀ ਸੀ। ਫਿਰ ਉਸ ਨੇ ਆਪਣੇ ਦੋਸਤ ਮਲਕੀਤ ਸਿੰਘ ਨੂੰ ਕਿਹਾ ਕਿ ਉਹ ਪੈਦਲ ਜਾ ਰਹੇ ਦੋ ਲੋਕਾਂ ਦਾ ਪਿੱਛਾ ਕਰੇ, ਜਦੋਂਕਿ ਉਹ ਨਿੱਝਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।’ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋਵਾਂ ਵਿਅਕਤੀਆਂ ਦਾ ਉਦੋਂ ਤੱਕ ਪਿੱਛਾ ਕੀਤਾ ਜਦੋਂ ਤੱਕ ਉਹ ਟੋਇਟਾ ਕੈਮਰੀ ਵਿੱਚ ਨਹੀਂ ਚੜ੍ਹ ਗਏ। ਸਿੰਘ ਨੇ ਕਿਹਾ, “ਇੱਕ ਕਾਰ ਆਈ ਅਤੇ ਉਹ ਉਸ ਵਿੱਚ ਚੜ੍ਹ ਗਏ। ਉਸ ਕਾਰ ਵਿੱਚ 3 ਹੋਰ ਲੋਕ ਬੈਠੇ ਸਨ।”
ਇਸ ਦੌਰਾਨ, ਲਗਭਗ 9 ਮਹੀਨੇ ਬਾਅਦ ਵੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਅਜੇ ਤੱਕ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਸ਼ੱਕੀ ਵਿਅਕਤੀਆਂ ਦੇ ਨਾਮ ਜਾਂ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ ਹਨ। ਨਿੱਝਰ ਦੀ ਮੌਤ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਵੀ ਪੈਦਾ ਹੋਇਆ। ਪਿਛਲੇ ਸਾਲ ਸਤੰਬਰ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ‘ਤੇ ਨਿੱਝਰ ਦੇ ਕਤਲ ‘ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਅਨੁਸਾਰ, ਕੈਨੇਡਾ ਇਸ ਕਤਲੇਆਮ ‘ਤੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਹੈ।