ਓਟਾਵਾ : ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ (Hardeep Singh Nijhar) ਦੀ ਹੱਤਿਆ ਦੇ ਸਬੰਧ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਅਜੇ ਖਤਮ ਨਹੀਂ ਹੋਈ ਹੈ ਅਤੇ ਹੋ ਸਕਦਾ ਹੈ ਕਿ ‘ਹੋਰ ਲੋਕਾਂ’ ਨੇ ਵੀ ਇਸ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ ਹੋਵੇ। ‘ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (ਆਈ.ਐਚ.ਆਈ.ਟੀ.) ਦੇ ਇੰਚਾਰਜ ਸੁਪਰਡੈਂਟ ਮਨਦੀਪ ਮੂਕਰ ਨੇ ਕਿਹਾ ਕਿ ਇਹ ਸਿਰਫ਼ ਇੱਕ ਟ੍ਰੇਲਰ ਹੈ, ਅਸਲ ਤਸਵੀਰ ਅਜੇ ਸਾਹਮਣੇ ਆਉਣੀ ਬਾਕੀ ਹੈ। ਐਡਮਿੰਟਨ ਦੇ ਰਹਿਣ ਵਾਲੇ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ‘ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਉਸ ਕਥਿਤ ਗਰੁੱਪ ਦੇ ਮੈਂਬਰ ਹਨ ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ।

ਨਿੱਝਰ (45) ਦੀ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਕੈਨੇਡਾ ਦਾ ਨਾਗਰਿਕ ਸੀ। ਆਈ.ਐਚ.ਆਈ.ਟੀ ਦੇ ਇੰਚਾਰਜ ਸੁਪਰਡੈਂਟ ਮਨਦੀਪ ਮੂਕਰ ਨੇ ਕਿਹਾ, ‘ਜਾਂਚ ਇੱਥੇ ਹੀ ਖਤਮ ਨਹੀਂ ਹੁੰਦੀ। ਸਾਨੂੰ ਪਤਾ ਹੈ ਕਿ ਇਸ ਕਤਲ ਵਿੱਚ ਕੁਝ ਹੋਰ ਲੋਕਾਂ ਦੀ ਵੀ ਅਹਿਮ ਭੂਮਿਕਾ ਹੈ ਅਤੇ ਅਸੀਂ ਹਰ ਇੱਕ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ) ਅਤੇ ਐਡਮਿੰਟਨ ਪੁਲਿਸ ਸਰਵਿਸ ਦੇ ਮੈਂਬਰਾਂ ਦੀ ਮਦਦ ਨਾਲ ਆਈ.ਐਚ.ਆਈ.ਟੀ ਜਾਂਚਕਰਤਾਵਾਂ ਨੇ ਬੀਤੇ ਦਿਨ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੋਲ ਨੇ ਕਿਹਾ ਕਿ ਉਹ ਨਾ ਤਾਂ ਪੁਲਿਸ ਦੁਆਰਾ ਇਕੱਠੇ ਕੀਤੇ ਸਬੂਤਾਂ ‘ਤੇ ਟਿੱਪਣੀ ਕਰ ਸਕਦੇ ਹਨ ਅਤੇ ਨਾ ਹੀ ਨਿੱਝਰ ਦੇ ਕਤਲ ਦੇ ਪਿੱਛੇ ਦੇ ਉਦੇਸ਼ ‘ਤੇ ਟਿੱਪਣੀ ਕਰ ਸਕਦੇ ਹਨ। ਉਨ੍ਹਾਂ ਕਿਹਾ, ‘ਹਾਲਾਂਕਿ, ਇਸ ਕੇਸ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ ਅਤੇ ਮੈਂ ਇਹ ਕਹਾਂਗਾ ਕਿ ਜਾਂਚ ਅਜੇ ਵੀ ਜਾਰੀ ਹੈ। ਮੈਂ ਦੁਹਰਾਉਂਦਾ ਹਾਂ ਕਿ ਅੱਜ ਦੇ ਐਲਾਨ ਦਾ ਮਤਲਬ ਇਹ ਨਹੀਂ ਹੈ ਕਿ ਜਾਂਚ ਪੂਰੀ ਹੋ ਗਈ ਹੈ।

ਅਧਿਕਾਰੀ ਨੇ ਕਿਹਾ, ‘ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਅੱਜ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਮੂਲੀਅਤ ਤੱਕ ਸੀਮਤ ਨਹੀਂ ਹੈ। ਇਨ੍ਹਾਂ ਯਤਨਾਂ ਵਿੱਚ ਭਾਰਤ ਸਰਕਾਰ ਦੇ ਸਬੰਧਾਂ ਦੀ ਜਾਂਚ ਵੀ ਸ਼ਾਮਲ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

The post ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ‘ਚ ਤਿੰਨ ਭਾਰਤੀ ਨਾਗਰਿਕ ਗ੍ਰਿਫ਼ਤਾਰ appeared first on Timetv.

Leave a Reply