ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਘੁਬਾਇਆ ਨੇ ਕਿਹਾ ਕਿ ਇਸ ਪੀ.ਜੀ.ਆਈ. ਸੈਟੇਲਾਈਟ ਸੈਂਟਰ ਕਾਂਗਰਸ ਸਰਕਾਰ ਦਾ ਯੋਗਦਾਨ ਹੈ ਅਤੇ ਇਸ ਦੀ ਮਨਜ਼ੂਰੀ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਤੋਂ 2012 ਵਿੱਚ ਮਿਲੀ ਸੀ, ਪਰ ਸਿਆਸੀ ਅੜਚਨਾਂ ਕਾਰਨ ਇਸ ਦੀ ਉਸਾਰੀ ਦਾ ਕੰਮ ਹੁਣੇ ਹੀ ਸ਼ੁਰੂ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਇੱਥੇ ਓ.ਪੀ.ਡੀ ਖੋਲ੍ਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸਰਹੱਦ ‘ਤੇ ਹੈ ਅਤੇ ਮੈਡੀਕਲ ਸਹੂਲਤਾਂ ਤੋਂ ਵਾਂਝਾ ਹੈ। ਇਸ ਲਈ ਹੁਣ ਇੱਥੋਂ ਦੇ ਲੋਕਾਂ ਨੂੰ ਇਲਾਜ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਅਤੇ ਉਨ੍ਹਾਂ ਦਾ ਇਲਾਜ ਇੱਥੇ ਹੀ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੱਕੀ ਨੇ ਦੱਸਿਆ ਕਿ ਇਸ ਦੀ ਉਸਾਰੀ ਦਾ ਕੰਮ ਕਾਫੀ ਦੇਰ ਨਾਲ ਸ਼ੁਰੂ ਹੋਇਆ ਹੈ। ਹੁਣ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਵਿੱਚ 100 ਬੈੱਡ ਹੋਣਗੇ ਅਤੇ ਅਸੀਂ 4000 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਜਲਦੀ ਹੀ ਪੂਰਾ ਕਰਨ ਜਾ ਰਹੇ ਹਾਂ।