ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
By admin / March 10, 2024 / No Comments / Punjabi News
ਹਿਸਾਰ: ਹਿਸਾਰ ਤੋਂ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ (Member of Parliament Brijendra Singh) ਨੇ ਭਾਰਤੀ ਜਨਤਾ ਪਾਰਟੀ (The Bharatiya Janata Party) ਤੋਂ ਅਸਤੀਫ਼ਾ ਦੇ ਦਿੱਤਾ ਹੈ। ਬ੍ਰਿਜੇਂਦਰ ਸਿੰਘ ਨੇ ਆਪਣੇ ‘ਐਕਸ’ ਅਕਾਊਂਟ ਰਾਹੀਂ ਭਾਜਪਾ ਤੋਂ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ‘ਮੈਂ ਸਿਆਸੀ ਕਾਰਨਾਂ ਕਰਕੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਮੈਨੂੰ ਹਿਸਾਰ ਤੋਂ ਸੰਸਦ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਪਾਰਟੀ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ। ਚਰਚਾ ਹੈ ਕਿ ਉਹ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਉਹ ਦਿੱਲੀ ਪਹੁੰਚ ਚੁੱਕੇ ਹਨ, ਜਿੱਥੇ ਸੀਨੀਅਰ ਕਾਂਗਰਸੀ ਆਗੂ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬ੍ਰਿਜੇਂਦਰ ਸਿੰਘ ਕਈ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਸਨ।
ਬ੍ਰਿਜੇਂਦਰ ਸਿੰਘ ਦੇ ਭਾਜਪਾ ਤੋਂ ਅਸਤੀਫ਼ੇ ਤੋਂ ਬਾਅਦ ਸਿਆਸੀ ਹਲਕਿਆਂ ‘ਚ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਬ੍ਰਿਜੇਂਦਰ ਸਿੰਘ ਹੁਣ ਕਾਂਗਰਸ ਦਾ ‘ਹੱਥ’ ਫੜ ਸਕਦੇ ਹਨ। ਦਰਅਸਲ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਲਈ ਦਿੱਲੀ ਪੁੱਜ ਚੁੱਕੇ ਹਨ।
ਦੱਸ ਦੇਈਏ ਕਿ ਬ੍ਰਿਜੇਂਦਰ ਸਿੰਘ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਹਨ ਅਤੇ IAS ਦੀ ਨੌਕਰੀ ਛੱਡ ਕੇ ਚੋਣ ਮੈਦਾਨ ਵਿਚ ਉਤਰੇ ਸਨ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਦੇ ਪਿਤਾ ਬੀਰੇਂਦਰ ਸਿੰਘ 2022 ਤੱਕ ਰਾਜ ਸਭਾ ਮੈਂਬਰ ਸਨ। ਉਹ ਉਚਾਨਾ ਤੋਂ 1977, 1982, 1994, 1996 ਅਤੇ 2005 ਵਿਚ ਪੰਜ ਵਾਰ ਵਿਧਾਇਕ ਚੁਣੇ ਗਏ ਅਤੇ ਤਿੰਨ ਵਾਰ ਸੂਬਾ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਬੀਰੇਂਦਰ ਸਿੰਘ 1984 ਵਿਚ ਓਮਪ੍ਰਕਾਸ਼ ਚੌਟਾਲਾ ਨੂੰ ਹਰਾ ਕੇ ਹਿਸਾਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ ਸਨ।