ਸੰਗਰੂਰ : ਸ਼ਹਿਰ ਦੇ ਮੱਧ ਵਿਚ ਸਥਿਤ ਸੰਗਰੂਰ ਦੇ ਬੱਸ ਸਟੈਂਡ (Bus stand of Sangrur) ਵਿਚ ਲੱਗੇ ਏ.ਟੀ.ਐਮ ਵਿਚ ਅੱਜ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਏ.ਟੀ.ਐਮ ਸੜ ਕੇ ਸੁਆਹ ਹੋ ਗਿਆ। ਅਚਾਨਕ ਲੱਗੀ ਅੱਗ ਕਾਰਨ ਬੱਸ ਸਟੈਂਡ ਵਿੱਚ ਸਵਾਰੀਆਂ ਅਤੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਏ.ਟੀ.ਐਮ ਨੂੰ ਲੱਗੀ ਅੱਗ ਨੇੜਲੇ ਸਮਾਚਾਰ ਏਜੰਸੀ, ਅਖਬਾਰ ਅਤੇ ਕਿਤਾਬਾਂ ਦੀ ਦੁਕਾਨ ਤੱਕ ਫੈਲ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਏ.ਟੀ.ਐਮ ਸੜ ਕੇ ਸੁਆਹ ਹੋ ਗਿਆ।
ਮੌਕੇ ‘ਤੇ ਪਹੁੰਚੇ ਐਕਸਿਸ ਬੈਂਕ ਦੇ ਮੈਨੇਜਰ ਵਿਸ਼ਾਲ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਬੈਂਕ ਦਾ ਏ.ਟੀ.ਐਮ ਬੱਸ ਸਟੈਂਡ ‘ਤੇ ਲੱਗਾ ਹੋਇਆ ਸੀ ਅਤੇ ਕਰੀਬ 12:15 ਵਜੇ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਏ.ਟੀ.ਐਮ ਨੂੰ ਅੱਗ ਲੱਗੀ ਹੋਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਏ.ਟੀ.ਐਮ. ਕੈਸ਼ ਬਾਰੇ ਪੁੱਛੇ ਜਾਣ ‘ਤੇ ਮੈਨੇਜਰ ਨੇ ਕਿਹਾ ਕਿ ਏ.ਟੀ.ਐਮ.ਕੈਸ਼ ਬਾਰੇ ਉਨ੍ਹਾਂ ਦੀ ਪ੍ਰਾਈਵੇਟ ਕੰਪਨੀ ਦੀ ਟੀਮ ਆਵੇਗੀ ਅਤੇ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਬਾਰੇ ਦੱਸ ਸਕਣਗੇ।