ਅੰਮ੍ਰਿਤਸਰ: ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਸੱਚੇ ਮਨ ਨਾਲ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ। ਯੂ.ਕੇ ਤੋਂ ਆਏ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਕੀਤੀ ਗਈ ਅਰਦਾਸ ਪ੍ਰਵਾਨ ਹੋਈ ਅਤੇ ਪਰਿਵਾਰ ਦੇ ਪੁੱਤਰ ਨੇ ਬੋਲਣਾ ਸ਼ੁਰੂ ਕਰ ਦਿੱਤਾ।

ਪਰਿਵਾਰ ਨੇ ਧੰਨਵਾਦ ਵਜੋਂ ਗੁਰੂ ਘਰ ਨੂੰ ਟਰੈਕਟਰ ਭੇਟ ਕੀਤਾ ਹੈ। ਇਸ ਦੌਰਾਨ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬੋਲ ਨਹੀਂ ਸਕਦਾ ਸੀ ਅਤੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ (Sri Harmandir Sahib)ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਵਾਈ ਅਤੇ ਸ੍ਰੀ ਅਖੰਡ ਪਾਠ ਸਾਹਿਬ ਰੱਖਵਾਏ ਗਏ, ਜਿਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦਾ ਲੜਕਾ ਬੋਲਣ ਲੱਗਾ। ਬੱਚੇ ਦੀ ਮਾਂ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ ਕਿ ਉਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਹੈ। ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅੱਜ ਉਨ੍ਹਾਂ ਦੇ ਪੁੱਤਰ ਦੀ ਆਵਾਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵੀ ਬੱਚੇ ਨੂੰ ਬਾਣੀ ਦਾ ਪਾਠ ਕਰਵਾ ਕੇ ਗੁਰੂ ਘਰ ਨਾਲ ਜੋੜਿਆ ਗਿਆ, ਜਿਸ ਕਾਰਨ ਅੱਜ ਗੁਰੂ ਸਾਹਿਬਾਨ ਨੇ ਕ੍ਰਿਪਾ ਕੀਤੀ ਹੈ।

ਇਸ ਮੌਕੇ ਐੱਸ.ਜੀ.ਪੀ.ਸੀ. ਵੱਲੋਂ ਪਰਿਵਾਰ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐੱਸ.ਜੀ.ਪੀ.ਸੀ. ਮੈਂਬਰਾਂ ਨੇ ਦੱਸਿਆ ਕਿ ਇਹ ਪਰਿਵਾਰ ਹਰ ਮਹੀਨੇ ਗੁਰੂ ਘਰ ਆਉਂਦਾ ਰਹਿੰਦਾ ਸੀ। ਪਰਿਵਾਰ ਨੇ ਇੱਥੇ ਬੱਚੇ ਰਾਜਬੀਰ ਸਿੰਘ ਲਈ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਅਤੇ ਪੁੱਤਰ ਬੋਲਣ ਲੱਗਾ। ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ‘ਤੇ ਪਰਿਵਾਰ ਨੇ ਇਕ ਟਰੈਕਟਰ ਭੇਟ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਵਿਅਕਤੀ ਸੱਚੇ ਮਨ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦਾ ਹੈ ਤਾਂ ਉਸ ਦੀਆਂ ਮਨੋਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ।

Leave a Reply