ਮੋਗਾ: ਸੂਫੀ ਗਾਇਕ ਹੰਸਰਾਜ ਹੰਸ (Hansraj Hans) ਭਾਜਪਾ ਵੱਲੋਂ ਫਰੀਦਕੋਟ ਲੋਕ ਸਭਾ ਸੀਟ ਤੋਂ ਚੋਣ ਲੜਨ ਜਾ ਰਹੇ ਹਨ। ਇਸੇ ਤਹਿਤ ਮੋਗਾ ਵਿਖੇ ਅੱਜ ਹੰਸਰਾਜ ਹੰਸ ਦਾ ਰੋਡ ਸ਼ੋਅ (Road show)ਕੀਤਾ ਗਿਆ। ਇਸ ਦੌਰਾਨ ਭਾਰੀ ਹੰਗਾਮਾ ਵੀ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਰੋਡ ਸ਼ੋਅ ਦੌਰਾਨ ਹੰਗਾਮਾ ਕਿਸੇ ਪਾਰਟੀ ਵੱਲੋਂ ਨਹੀਂ ਸਗੋਂ ਬੱਸ ਡਰਾਈਵਰਾਂ ਵੱਲੋਂ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਵਿੱਚ ਹੰਸਰਾਜ ਹੰਸ ਦੇ ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਰੋਡ ’ਤੇ ਇੱਕ ਭਾਜਪਾ ਵਰਕਰ ਦੀ ਕਾਰ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਹੰਗਾਮਾ ਹੋ ਗਿਆ। ਰੋਡਵੇਜ਼ ਬੱਸ ਚਾਲਕ ਨੇ ਮੌਕੇ ’ਤੇ ਹੋਰ ਬੱਸ ਡਰਾਈਵਰਾਂ ਨੂੰ ਬੁਲਾ ਲਿਆ, ਜਿਸ ਕਾਰਨ ਭਾਰੀ ਜਾਮ ਲੱਗ ਗਿਆ। ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਟਿਕਟ ਮਿਲਣ ਤੋਂ ਬਾਅਦ ਹੰਸਰਾਜ ਕੱਲ੍ਹ ਪਹਿਲੀ ਵਾਰ ਫਰੀਦਕੋਟ ਪਹੁੰਚੇ ਸਨ।ਇਸ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਦੇ ਅਸਥਾਨ ਬਾਬਾ ਫ਼ਰੀਦ ਟਿੱਲਾ ਵਿਖੇ ਮੱਥਾ ਟੇਕਿਆ। ਇੱਥੇ ਉਨ੍ਹਾਂ ਆਪਣੀ ਜਿੱਤ ਅਤੇ ਸਭ ਦੀ ਖੁਸ਼ੀ ਲਈ ਅਰਦਾਸ ਕੀਤੀ।