ਮਾਨਸਾ : ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਵਿੱਚ ਨਾਮਜ਼ਦ 27 ਵਿਅਕਤੀਆਂ ਵਿੱਚੋਂ 25 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਸਾ ਦੀ ਅਦਾਲਤ (Mansa court) ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਗਲੀ ਸੁਣਵਾਈ 19 ਅਪ੍ਰੈਲ ਲਈ ਤੈਅ ਕੀਤੀ ਹੈ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਲਈ ਦਾਇਰ ਅਰਜ਼ੀ ’ਤੇ ਵੀ ਸੁਣਵਾਈ ਹੋਵੇਗੀ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਕੇਸ ਵਿੱਚ ਨਾਮਜ਼ਦ 27 ਵਿਅਕਤੀਆਂ ਵਿੱਚੋਂ 25 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਹੈ, ਜਦੋਂ ਕਿ ਸਚਿਨ ਵਿਭਾਨੀ ਅਤੇ ਦੀਪਕ ਮੁੰਡੀ ਨੂੰ ਹਾਲੇ ਪੇਸ਼ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਲਾਰੈਂਸ ਬਿਸ਼ਨੋਈ, ਚਰਨਜੀਤ ਉਰਫ਼ ਚੇਤਨ ਅਤੇ ਜਗਤਾਰ ਸਿੰਘ ਮੂਸਾ ਨੂੰ ਕਤਲ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਅਰਜ਼ੀ ਦਾ ਅਦਾਲਤ ਵਿੱਚ ਜਵਾਬ ਦੇ ਚੁੱਕੇ ਹਨ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਦਾਇਰ ਡਿਸਚਾਰਜ ਦੀ ਅਰਜ਼ੀ ਦਾ ਵੀ ਅਦਾਲਤ ਵਿੱਚ ਜਵਾਬ ਦਾਖ਼ਲ ਕਰ ਚੁੱਕੇ ਹਨ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਤੈਅ ਕੀਤੀ ਹੈ, ਜਿਸ ‘ਚ ਸਾਰੇ ਦੋਸ਼ੀਆਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ ਵਿੱਚ ਮਾਨਸਾ ਪੁਲਿਸ ਤੋਂ ਮੰਗੀ ਗਈ ਸਟੇਟਸ ਰਿਪੋਰਟ ’ਤੇ ਅਦਾਲਤ ਨੇ ਹਾਲੇ ਤੱਕ ਆਪਣਾ ਜਵਾਬ ਨਹੀਂ ਦਿੱਤਾ ਹੈ।

Leave a Reply