ਜਲੰਧਰ : ਸਿਵਲ ਸਰਜਨ ਦਫ਼ਤਰ ਵਿੱਚ ਅਵੈਦ ਰੂਪ ਨਾਲ 100 ਸਾਲ ਪੁਰਾਣੇ ਵਿਰਾਸਤੀ ਦਰੱਖਤਾਂ ਦੀ ਕਟਾਈ ਖ਼ਿਲਾਫ਼ ਸਮਾਜ ਸੇਵੀ ਤੇਜਸਵੀ ਮਿਨਹਾਸ (Social worker Tejaswi Minhas) ਅਤੇ ਐਕਸ਼ਨ ਗਰੁੱਪ ਅਗੇਂਸਟ ਪਲਾਸਟਿਕ ਪੋਲਿਊਸ਼ਨ (ਏ.ਜੀ.ਏ.ਪੀ.ਪੀ) ਦੇ ਅਤੇ ਡਾ: ਨਵਨੀਤ ਭੁੱਲਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਮਾਜ ਸੇਵੀ ਤੇਜਸਵੀ ਮਿਨਹਾਸ ਨੇ ਦੱਸਿਆ ਕਿ ਪੁਰਾਣੇ ਕੰਪਲੈਕਸ ਨੂੰ ਢਾਹ ਕੇ ਉੱਥੇ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ) ਸਥਾਪਿਤ ਕੀਤਾ ਜਾ ਰਿਹਾ ਹੈ। ਪੀ.ਡਬਲਿਊ.ਡੀ. ਨੇ ਦਰੱਖਤ ਕੱਟਣ ਦੇ ਅਧਿਕਾਰ ਠੇਕੇਦਾਰ ਨੂੰ ਦਿੱਤੇ ਹਨ ਪਰ ਵਾਤਾਵਰਨ ‘ਤੇ ਪੈਣ ਵਾਲੇ ਪ੍ਰਭਾਵ ਅਤੇ ਰੁੱਖਾਂ ਦੀ ਕਟਾਈ ਦੇ ਬਦਲਾਂ ਬਾਰੇ ਕੋਈ ਵਿਗਿਆਨਕ ਅਧਿਐਨ ਨਹੀਂ ਕੀਤਾ ਗਿਆ। ਇਨ੍ਹਾਂ ਵਿਰਾਸਤੀ ਰੁੱਖਾਂ ਨੂੰ ਨਵੀਂ ਇਮਾਰਤ ਵਿੱਚ ਸ਼ਾਮਲ ਕੀਤਾ ਜਾ ਸਕਦਾ ਸੀ ਪਰ ਇਸ ਬਾਰੇ ਕੁਝ ਨਹੀਂ ਸੋਚਿਆ ਗਿਆ ਅਤੇ ਦਰੱਖਤਾਂ ਨੂੰ ਬੇਰਹਿਮੀ ਨਾਲ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਰੱਖਤਾਂ ਨੂੰ ਬਚਾਉਣ ਦੀ ਕੋਸ਼ਿਸ਼ ਲਈ ਉਨ੍ਹਾਂ ਅੱਜ ਧਰਨਾ ਦਿੱਤਾ ਹੈ। ਮਿਨਹਾਸ ਨੇ ਕਿਹਾ ਕਿ ਭਾਰਤ ਵਿਚ ਸਭ ਤੋਂ ਘੱਟ ਜੰਗਲਾਤ ਹਨ ਅਤੇ ਸ਼ਹਿਰੀ ਖੇਤਰਾਂ ਵਿਚ ਬਹੁਤ ਘੱਟ ਪੁਰਾਣੇ ਦਰੱਖਤ ਬਚੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਵਿਕਾਸ ਦੇ ਨਾਂ ‘ਤੇ ਬਿਨਾਂ ਸੋਚੇ ਸਮਝੇ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜਿਸ ਦੀ ਸੁਣਵਾਈ ਜਲਦੀ ਹੋਣ ਦੀ ਉਮੀਦ ਹੈ।