ਪੰਜਾਬ : 1 ਜੂਨ ਨੂੰ ਪੰਜਾਬ ਅਤੇ ਹਿਮਾਚਲ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ‘ਚ ਵੋਟਾਂ ਪੈ ਰਹੀਆਂ ਹਨ। ਲੋਕ ਸਭਾ 2024 ਦਾ ਇਹ ਆਖਰੀ ਪੜਾਅ ਹੈ, ਜਿਸ ਕਾਰਨ ਸਾਰਿਆਂ ਦਾ ਧਿਆਨ ਇਨ੍ਹਾਂ ਸੂਬਿਆਂ ‘ਤੇ ਹੈ। ਇਸੇ ਕਾਰਨ ਸਾਬਕਾ ਪ੍ਰਧਾਨ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਮਨਮੋਹਨ ਸਿੰਘ ਨੇ ਵੀ ਪੰਜਾਬ ਦੇ ਵੋਟਰਾਂ ਨੂੰ ਭਾਵੁਕ ਚਿੱਠੀ ਲਿਖੀ ਹੈ।

ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵੋਟਰਾਂ ਅੱਗੇ ਦਾਅਵਾ ਕੀਤਾ ਕਿ ਦੇਸ਼ ਨੂੰ ਵਿਕਾਸਸ਼ੀਲ ਭਵਿੱਖ ਸਿਰਫ਼ ਕਾਂਗਰਸ ਹੀ ਦੇ ਸਕਦੀ ਹੈ। ਉਨ੍ਹਾਂ ਨੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਦੀ ਗੱਲ ਵੀ ਕੀਤੀ। ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ‘ਤੇ ਅਗਨੀਵੀਰ ਯੋਜਨਾ ਥੋਪਣਾ ਸਹੀ ਨਹੀਂ ਹੈ। ਇਹ ਉਨ੍ਹਾਂ ਦਾ ਜਾਅਲੀ ਰਾਸ਼ਟਰਵਾਦ ਦਰਸਾਉਂਦਾ ਹੈ।

ਉਨ੍ਹਾਂ ਹੋਰ ਨਿਸ਼ਾਨਾ ਲੈਂਦਿਆਂ ਕਿਹਾ ਕਿ ਮੋਦੀ ਵੱਲੋਂ ਨਫਰਤ ਭਰੇ ਭਾਸ਼ਣ ਦਿੱਤੇ ਜਾ ਰਹੇ ਹਨ, ਉਹ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਜਨਤਕ ਭਾਸ਼ਣ ਦੀ ਮਰਿਆਦਾ ਨੂੰ ਘਟਾ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਵਰਗ ਜਾਂ ਵਿਰੋਧੀ ਧਿਰ ਵਿਰੁੱਧ ਭੱਦੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਨੇ ਕਦੇ ਵੀ ਕਿਸੇ ਸਮਾਜ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਜਿਹਾ ਸਿਰਫ਼ ਭਾਜਪਾ ਹੀ ਕਰ ਸਕਦੀ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਅਮਾਨਵੀਕਰਨ ਦਾ ਬਿਰਤਾਂਤ ਹੁਣ ਸਿਖਰ ‘ਤੇ ਪਹੁੰਚ ਚੁੱਕਾ ਹੈ, ਹੁਣ ਦੇਸ਼ ਨੂੰ ਵੰਡਣ ਵਾਲੇ ਲੋਕਾਂ ਤੋਂ ਬਚਾਉਣ ਦਾ ਫਰਜ਼ ਬਣਦਾ ਹੈ।

Leave a Reply