ਜਲੰਧਰ : ਕੰਟੋਨਮੈਂਟ ਬੋਰਡ ਜਲੰਧਰ ਦੇ ਸਾਬਕਾ ਕੌਂਸਲਰ ਜੌਲੀ ਅਟਵਾਲ ਦੀ ਪਤਨੀ ਸੁਨੈਨਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਜਲੰਧਰ ਕੈਂਟ ਦੀ ਪੁਲਿਸ ਨੇ ਉਸ ਦੇ ਸਹੁਰੇ ਸਮੇਤ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਐਸ.ਐਚ.ਓ ਕੈਂਟ ਗਗਨਦੀਪ ਸਿੰਘ ਸ਼ੇਖ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀਆਂ ਦੀ ਪਛਾਣ ਸ਼ੋਭਾ ਰਾਮ, ਦੇਵੀ ਅਤੇ ਮੋਨਿਕਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਭਲਕੇ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਬਾਕੀ 4 ਫਰਾਰ ਦੋਸ਼ੀਆਂ ਤੱਕ ਪੁੱਜਣਾ ਪੁਲਿਸ ਲਈ ਆਸਾਨ ਹੋ ਸਕੇ। ਫਰਾਰ ਮੁਲਜ਼ਮਾਂ ਵਿੱਚ ਜੌਲੀ ਦੀਆਂ ਭੈਣਾਂ ਸੋਨੀਆ ਅਤੇ ਮਨੀਸ਼ਾ ਤੋਂ ਇਲਾਵਾ ਸੁਨੈਨਾ ਦਾ ਪਤੀ ਜੌਲੀ ਅਟਵਾਲ ਅਤੇ ਉਸ ਦੀ ਪ੍ਰੇਮਿਕਾ ਸੁੱਖ ਸ਼ਾਮਲ ਹਨ। 7 ਮੁਲਜ਼ਮਾਂ ਖ਼ਿਲਾਫ਼ ਮ੍ਰਿਤਕ ਸੁਨੈਨਾ ਦੀ ਮਾਤਾ ਵੰਦਨਾ ਦੇਵੀ ਪਤਨੀ ਸ਼ੰਮੀ ਕੁਮਾਰ ਵਾਸੀ ਨੇੜੇ ਧੋਬੀਘਾਟ ਮਲੇਰਕੋਟਲਾ ਦੇ ਬਿਆਨਾਂ ’ਤੇ ਬੀ.ਐਨ.ਐਸ. ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸੁਨੈਨਾ ਦੇ ਸਹੁਰੇ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਹਿਲਾਂ ਜਲੰਧਰ ਕੈਂਟ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਫਿਰ ਸੁਨੈਨਾ ਦੀ ਲਾਸ਼ ਭਗਵਾਨ ਵਾਲਮੀਕੀ ਚੌਕ ‘ਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਕੈਂਟ ਥਾਣਾ ਪੁਲਿਸ ਅੱਜ ਦੋਸ਼ੀਆਂ ਦੀ ਗ੍ਰਿਫਤਾਰੀ ਦਿਖਾ ਸਕਦੀ ਹੈ।

Leave a Reply