ਸਪੋਰਟਸ ਡੈਸਕ : ਭਾਰਤ ਦੇ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਅਤੇ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ (Former Captain Dattajirao Gaekwad) ਦਾ ਅੱਜ ਉਮਰ ਸੰਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ ਹੈ। ਉਹ ਭਾਰਤ ਦੇ ਸਾਬਕਾ ਓਪਨਿੰਗ ਬੱਲੇਬਾਜ਼ ਅਤੇ ਰਾਸ਼ਟਰੀ ਕੋਚ ਅੰਸ਼ੁਮਨ ਗਾਇਕਵਾੜ ਦੇ ਪਿਤਾ ਸਨ। ਉਹ 95 ਸਾਲ ਦੇ ਸਨ।

ਇੱਕ ਪਰਿਵਾਰਕ ਸੂਤਰ ਨੇ ਦੱਸਿਆ ਕਿ ਪਿਛਲੇ 12 ਦਿਨਾਂ ਤੋਂ ਬੜੌਦਾ ਦੇ ਇੱਕ ਹਸਪਤਾਲ ਦੇ ਆਈਸੀਯੂ (ਇੰਟੈਂਸਿਵ ਕੇਅਰ ਯੂਨਿਟ) ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਨੇ 1952 ਤੋਂ 1961 ਦਰਮਿਆਨ ਭਾਰਤ ਲਈ 11 ਟੈਸਟ ਖੇਡੇ ਸਨ।

ਉਨ੍ਹਾਂ  ਨੇ 1959 ਵਿੱਚ ਇੰਗਲੈਂਡ ਦੌਰੇ ‘ਤੇ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਕੀਤੀ ਸੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 1952 ਵਿੱਚ ਲੀਡਜ਼ ਵਿੱਚ ਇੰਗਲੈਂਡ ਦੇ ਖ਼ਿਲਾਫ਼ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ 1961 ਵਿੱਚ ਚੇਨਈ ਵਿਖੇ ਪਾਕਿਸਤਾਨ ਦੇ ਖ਼ਿਲਾਫ਼ ਸੀ।

ਗਾਇਕਵਾੜ ਨੇ ਰਣਜੀ ਟਰਾਫੀ ਵਿੱਚ 1947 ਤੋਂ 1961 ਤੱਕ ਬੜੌਦਾ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ 47.56 ਦੀ ਔਸਤ ਨਾਲ 3139 ਦੌੜਾਂ ਬਣਾਈਆਂ ਸਨ, ਜਿਸ ਵਿੱਚ 14 ਸੈਂਕੜੇ ਸ਼ਾਮਲ ਸਨ। ਉਨ੍ਹਾਂ ਦਾ ਸਰਵੋਤਮ ਸਕੋਰ 1959-60 ਸੀਜ਼ਨ ਵਿੱਚ ਮਹਾਰਾਸ਼ਟਰ ਦੇ ਖ਼ਿਲਾਫ਼ ਨਾਬਾਦ 249 ਦੌੜਾਂ ਸੀ।

ਉਹ 2016 ਵਿੱਚ ਭਾਰਤ ਦੇ ਸਭ ਤੋਂ ਵੱਧ ਉਮਰ ਦੇ ਟੈਸਟ ਕ੍ਰਿਕਟਰ ਬਣੇ ਸਨ। ਉਨ੍ਹਾਂ ਤੋਂ ਪਹਿਲਾਂ ਦੀਪਕ ਸ਼ੋਧਨ ਭਾਰਤ ਦੇ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਸਨ। ਸਾਬਕਾ ਬੱਲੇਬਾਜ਼ ਸ਼ੋਧਨ ਦਾ 87 ਸਾਲ ਦੀ ਉਮਰ ‘ਚ ਅਹਿਮਦਾਬਾਦ ‘ਚ ਦੇਹਾਂਤ ਹੋ ਗਿਆ ਸੀ।

Leave a Reply