ਸ਼ੰਭੂ ਸਰਹੱਦ ‘ਤੇ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ
By admin / February 16, 2024 / No Comments / Punjabi News
ਪੰਜਾਬ : ਕਿਸਾਨ ਅੰਦੋਲਨ 2.0 ਦੇ ਚੌਥੇ ਦਿਨ ਅੱਜ ਹਰਿਆਣਾ ਦੀ ਸਰਹੱਦ ‘ਤੇ ਮਾਹੌਲ ਸ਼ਾਂਤ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਭਰ ਵਿੱਚ ਬੰਦ ਦੇ ਸੱਦੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਰਹੱਦ ‘ਤੇ ਖੜ੍ਹੇ ਕਿਸਾਨ ਐਤਵਾਰ ਨੂੰ ਦਿੱਲੀ ਵੱਲ ਵਧਣਗੇ। ਇਸ ਦੌਰਾਨ ਸ਼ੰਭੂ ਸਰਹੱਦ ‘ਤੇ ਇਕ ਕਿਸਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ।
ਮ੍ਰਿਤਕ ਕਿਸਾਨ ਦੀ ਪਛਾਣ ਗਿਆਨ ਸਿੰਘ (Gyan Singh),(ਉਮਰ 65) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਸ਼ਾਮਲ ਸੀ। ਬੀਤੇ ਵੀਰਵਾਰ ਨੂੰ ਉਸ ਨੂੰ ਸਾਹ ਦੀ ਗੰਭੀਰ ਇਨਫੈਕਸ਼ਨ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਮ੍ਰਿਤਕ ਦੇਹ ਨੂੰ ਅੱਜ ਸ਼ੰਭ ਬਾਰਡਰ ‘ਤੇ ਕਿਸਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਤੀਜੀ ਮੀਟਿੰਗ ਵੀ ਬੇਸਿੱਟਾ ਰਹੀ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਐਤਵਾਰ ਤੱਕ ਬਾਰਡਰ ‘ਤੇ ਖੜ੍ਹੇ ਹਨ, ਕਿਉਂਕਿ ਉਸ ਦਿਨ ਚੰਡੀਗੜ੍ਹ ‘ਚ ਸਰਕਾਰ ਅਤੇ ਕਿਸਾਨਾਂ ਵਿਚਾਲੇ ਇਕ ਹੋਰ ਮੀਟਿੰਗ ਹੋਣੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਅੰਦੋਲਨ ਦੇ ਪਹਿਲੇ ਦਿਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿੱਚ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਸਨ। ਫਿਲਹਾਲ ਸਰਹੱਦ ‘ਤੇ ਸ਼ਾਂਤੀ ਬਰਕਰਾਰ ਹੈ।