ਪੰਜਾਬ : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਅੱਜ ਜਲੰਧਰ ’ਚ ਅਹਿਮ ਮੀਟਿੰਗ ਹੋਈ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਸਮੇਤ ਹੋਰ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਬਾਗੀ ਧੜੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬਾਗੀ ਧੜੇ ਨੇ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਮੀਟਿੰਗ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।
ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦਾ ਮੁੱਖ ਉਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਚੱਲ ਰਹੇ ਵਿਵਾਦ ‘ਤੇ ਵਿਚਾਰ ਕਰਨਾ ਸੀ। ਕਈ ਝੂਠੇ ਇਲਜ਼ਾਮ ਲਾਏ ਗਏ, ਇੰਨੀ ਮਜ਼ਬੂਰੀ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਪਰ ਜਦੋਂ ਜਥੇਬੰਦੀ ਇਕਜੁੱਟ ਹੋ ਗਈ ਤਾਂ ਉਨ੍ਹਾਂ ਅਸਤੀਫ਼ਾ ਨਹੀਂ ਦਿੱਤਾ।
ਵਡਾਲਾ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਪਹਿਲਾਂ ਵੀ ਕਈ ਗੱਲਾਂ ਕਹਿ ਚੁੱਕੇ ਹਨ। ਇਸ ਪਿੱਛੇ ਕੌਣ ਸੀ, ਇਹ ਵੀ ਕੁਝ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ। ਕਿਸੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ ਅਤੇ ਸਾਰੇ ਫ਼ੈਸਲੇ ਮਰਿਆਦਾ ਦੇ ਆਧਾਰ ‘ਤੇ ਲਏ ਜਾਣਗੇ। ਵਲਟੋਹਾ ਅਨੁਸਾਰ ਪਰੰਪਰਾ ਨੂੰ ਬਦਲਿਆ ਨਹੀਂ ਜਾ ਸਕਦਾ।