ਬਠਿੰਡਾ : ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ (Lok Sabha elections) ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਕੰਦਰ ਸਿੰਘ ਮਲੂਕਾ (Sikander Singh Maluka) ਆਪਣੀ ਨੂੰਹ ਆਈ.ਏ.ਐਸ. ਅਧਿਕਾਰੀ ਪਰਮਪਾਲ ਕੌਰ ਮਲੂਕਾ (Parampal Kaur Maluka) ਅਤੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ (Gurpreet Singh Maluka) ਜਲਦ ਹੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਮਲੂਕਾ ਦੀ ਅੰਤਿਮ ਮੀਟਿੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਸੀ, ਜਿਸ ਤੋਂ ਬਾਅਦ ਆਈ.ਏ.ਐੱਸ. ਪਰਮਪਾਲ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਲੂਕਾ ਆਪਣੀ ਨੂੰਹ ਪਰਮਪਾਲ ਕੌਰ ਮਲੂਕਾ ਦੇ ਬਠਿੰਡਾ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਸ਼ਰਤ ‘ਤੇ ਹੀ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਵੀ ਅਹੁਦਾ ਦਿੱਤਾ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਸੂਚਨਾ ਮਿਲਣ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨਾਲ ਮੀਟਿੰਗ ਕੀਤੀ ਹੈ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਲੂਕਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਛੱਡੇ।