ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਹੋਈਆਂ ਸ਼ੁਰੂ
By admin / July 20, 2024 / No Comments / Punjabi News
ਜਲੰਧਰ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ‘ਚ ਲੱਗਣ ਵਾਲੇ ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦੇ ਮੱਦੇਨਜ਼ਰ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਦਰਅਸਲ 17 ਸਤੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸਬੰਧ ਵਿੱਚ ਅੱਜ ਸ਼੍ਰੀ ਗਣੇਸ਼ ਮਨਾਇਆ ਗਿਆ। ਇਸ ਸਬੰਧੀ ਅੱਜ ਬਾਬਾ ਸੋਢਲ ਸੁਧਾਰ ਸਭਾ (ਰਜਿ.) ਅਤੇ ਚੱਢਾ ਭਾਈਚਾਰਾ ਵੱਲੋਂ ਸਭਾ ਦੇ ਦਫ਼ਤਰ ਵਿੱਚ ਪ੍ਰਧਾਨ ਪੰਕਜ ਚੱਢਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਦਮ ਸ੍ਰੀ ਡਾ. ਵਿਜੇ ਕੁਮਾਰ ਚੋਪੜਾ ਦੀ ਅਗਵਾਈ ਵਿੱਚ ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਅਤੇ ਚੱਢਾ ਭਾਈਚਾਰਾ ਵੱਲੋਂ ਮੇਲੇ ਮੌਕੇ ਪ੍ਰੋਗਰਾਮ ਉਲੀਕੇ ਜਾਣਗੇ।
ਉਨ੍ਹਾਂ ਦੱਸਿਆ ਕਿ ਬਾਬਾ ਜੀ ਦਾ ਮੇਲਾ 17 ਸਤੰਬਰ ਨੂੰ ਹੋਣ ਜਾ ਰਿਹਾ ਹੈ। ਇਸ ਸਬੰਧੀ ਬਾਬਾ ਜੀ ਦੇ ਪਾਵਨ ਝੰਡੇ ਦੀ ਰਸਮ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲੇ ਦੌਰਾਨ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹੋਵੇਗਾ। ਮੀਟਿੰਗ ਵਿੱਚ ਲਲਿਤ ਮੋਹਨ ਚੱਢਾ, ਦਵਿੰਦਰਾ ਮਲਹੋਤਰਾ, ਰਜਨੀਸ਼ ਸ਼ਾਂਤੀ, ਕੇਵਲ ਕ੍ਰਿਸ਼ਨ, ਆਰਵ ਚੱਢਾ, ਅਭੀ ਚੱਢਾ, ਹੈਪੀ ਸ਼ਰਮਾ, ਪ੍ਰਿੰਸ ਸ਼ਰਮਾ, ਯਸ਼ਪਾਲ ਸੇਖੜੀ ਆਦਿ ਹਾਜ਼ਰ ਸਨ।