ਪਟਿਆਲਾ : ਸ਼੍ਰੀ ਅਮਰਨਾਥ ਯਾਤਰਾ ਤੋਂ ਪੰਜਾਬ ਪਰਤ ਰਹੀ ਬੱਸ ‘ਤੇ ਹਮਲਾ ਹੋਣ ਦੀ ਖਬਰ ਹੈ। ਦਰਅਸਲ ਬੱਸ ‘ਚ ਸਵਾਰ ਨੌਜਵਾਨਾਂ ‘ਤੇ 30 ਤੋਂ 35 ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਨੌਜਵਾਨਾਂ ਦੇ ਸਿਰ ਅਤੇ ਪਿੱਠ ‘ਤੇ ਥੱਪੜਾਂ ਨਾਲ ਹਮਲਾ ਵੀ ਕੀਤਾ, ਜਦਕਿ ਘਟਨਾ ਦੌਰਾਨ ਗੋਲੀਬਾਰੀ ਵੀ ਹੋਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਮੋਹਨ ਅਰੋੜਾ ਵਜੋਂ ਹੋਈ ਹੈ। ਜ਼ਖਮੀ ਨੌਜਵਾਨਾਂ ਨੇ ਦੱਸਿਆ ਕਿ ਬੱਸ 2 ਤਰੀਕ ਨੂੰ ਪਟਿਆਲਾ ਤੋਂ ਸ਼੍ਰੀ ਅਮਰਨਾਥ ਯਾਤਰਾ ਲਈ ਰਵਾਨਾ ਹੋਈ ਸੀ ਜਿਸ ਨੇ 10 ਜੁਲਾਈ ਨੂੰ ਵਾਪਸ ਆਉਣਾ ਸੀ ਪਰ ਇਹ 11 ਜੁਲਾਈ ਨੂੰ ਵਾਪਸ ਆਈ।

ਉਨ੍ਹਾਂ ਨੇ ਦੱਸਿਆ ਕਿ ਯਾਤਰਾ ਵਾਲੀ ਬੱਸ ਲੈ ਕੇ ਗਏ ਰਾਜੂ ਪ੍ਰਧਾਨ ਨਾਮਕ ਵਿਅਕਤੀ ਦੇ ਨਾਲ ਬੱਸ ਦਾ ਏ.ਸੀ ਚਲਾਉਣ ਨੂੰ ਲੈ ਕੇ ਬੱਸ ‘ਚ ਸਵਾਰ ਨੌਜ਼ਵਾਨਾਂ ਦੇ ਨਾਲ ਵਿਵਾਦ ਹੋ ਗਿਆ। ਬਹਿਸ ਤੋਂ ਬਾਅਦ ਰਾਜੂ ਪ੍ਰਧਾਨ ਨੇ ਪਟਿਆਲਾ ਪਹੁੰਚਣ ‘ਤੇ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਫੋਨ ਕਰਕੇ ਬੁਲਾ ਲਿਆ। ਜਦੋਂ ਬੱਸ ਪਟਿਆਲਾ ਪਹੁੰਚਣ ਵਾਲੀ ਸੀ ਤਾਂ ਵੱਡੀ ਨਦੀ ਨੇੜੇ 30 ਤੋਂ 35 ਹਮਲਾਵਰਾਂ ਨੇ ਬੱਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

 ਜ਼ਖਮੀ ਨੌਜਵਾਨ ਨੂੰ ਉਸ ਦੇ ਭਰਾ ਅਤੇ ਦੋਸਤਾਂ ਨੇ ਚੁੱਕ ਕੇ ਰਜਿੰਦਰਾ ਹਸਪਤਾਲ ਪਹੁੰਚਾਇਆ। ਉਕਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਹਮਲਾਵਰਾਂ ‘ਚ ਤਿੰਨ ਵਿਅਕਤੀਆਂ ਨੂੰ ਪਛਾਣ ਲਿਆ, ਜਿਨ੍ਹਾਂ ‘ਚ ਬੱਸ ‘ਚ ਸਵਾਰ ਰਾਜੂ ਪ੍ਰਧਾਨ, ਸ਼ਾਮ ਅਤੇ ਉਸ ਦਾ ਲੜਕਾ ਗੌਰਵ ਅਤੇ ਗੋਲੀ ਚਲਾਉਣ ਵਾਲੇ ਹਰਪ੍ਰੀਤ ਸਿੰਘ ਢੇਠ ਸ਼ਾਮਲ ਹਨ। ਜ਼ਖ਼ਮੀ ਨੌਜਵਾਨ ਤੇ ਉਸ ਦੇ ਭਰਾ ਨੇ ਪੁਲਿਸ ਪ੍ਰਸ਼ਾਸਨ ਤੇ ਪਟਿਆਲਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਫਿਲਹਾਲ ਜ਼ਖਮੀ ਨੌਜਵਾਨ ਰਾਜਿੰਦਰਾ ਹਸਪਤਾਲ ‘ਚ ਦਾਖਲ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਥਾਣਾ ਕੋਤਵਾਲੀ ਦੇ ਐੱਸ. ਐੱਚ.ਓ. ਹਰਜਿੰਦਰ ਸਿੰਘ ਢਿੱਲੋਂ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਲਈ ਹਸਪਤਾਲ ਪੁੱਜੇ। ਉਨ੍ਹਾਂ ਦੱਸਿਆ ਕਿ ਇਹ ਬੱਸ ਅਮਰਨਾਥ ਯਾਤਰਾ ਲਈ ਗਈ ਸੀ, ਜਦੋਂ ਇਹ ਬੱਸ ਪਟਿਆਲਾ ਪਹੁੰਚੀ ਤਾਂ ਉਨ੍ਹਾਂ ਵਿਚਕਾਰ ਲੜਾਈ ਹੋ ਗਈ, ਜਿਸ ਦੇ ਬਿਆਨ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply