ਸ਼੍ਰੀਖੰਡ ਮਹਾਦੇਵ ਯਾਤਰਾ ਅੱਜ ਤੋਂ ਅਧਿਕਾਰਤ ਤੌਰ ‘ਤੇ ਹੋਈ ਸ਼ੁਰੂ ,ਡੀ.ਸੀ ਨੇ ਪਹਿਲਾ ਜੱਥਾ ਕੀਤਾ ਰਵਾਨਾ
By admin / July 14, 2024 / No Comments / Punjabi News
ਕੁੱਲੂ : ਉੱਤਰੀ ਭਾਰਤ (North India) ਦੀਆਂ ਸਭ ਤੋਂ ਮੁਸ਼ਕਿਲ ਧਾਰਮਿਕ ਯਾਤਰਾਵਾਂ ‘ਚੋਂ ਇਕ ਸ਼੍ਰੀਖੰਡ ਮਹਾਦੇਵ ਯਾਤਰਾ (Shrikhand Mahadev Yatra) ਅੱਜ ਤੋਂ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। ਇਹ ਯਾਤਰਾ 27 ਜੁਲਾਈ ਤੱਕ ਜਾਰੀ ਰਹੇਗੀ। 13 ਜੁਲਾਈ ਦੀ ਦੇਰ ਸ਼ਾਮ ਯਾਤਰਾ ਟਰੱਸਟ ਦੇ ਪ੍ਰਧਾਨ ਅਤੇ ਡੀ.ਸੀ ਕੁੱਲੂ ਤੋਰੂਲ ਐਸ. ਰਵੀਸ਼ 3 ਕਿਲੋਮੀਟਰ ਪੈਦਲ ਚੱਲ ਕੇ ਬੇਸ ਕੈਂਪ ਸਿੰਘਗੜ੍ਹ ਪਹੁੰਚੇ। ਇੱਥੇ ਉਨ੍ਹਾਂ ਸ੍ਰੀਖੰਡ ਸੇਵਾ ਸਮਿਤੀ ਦੇ ਪੰਡਾਲ ਵਿੱਚ ਸ਼ਿਵ ਭਗਤਾਂ ਨਾਲ ਸ਼ਾਮ ਦੀ ਸ਼ਿਵ ਆਰਤੀ ਵਿੱਚ ਸ਼ਮੂਲੀਅਤ ਕੀਤੀ। ਨਾਲ ਹੀ ਸਾਰੀਆਂ ਤਿਆਰੀਆਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਇਹ ਵੀ ਨਿਰੀਖਣ ਕੀਤਾ ਕਿ ਸਾਰੇ ਯਾਤਰੀਆਂ ਦਾ ਮੈਡੀਕਲ ਚੈਕਅੱਪ ਯਕੀਨੀ ਬਣਾਇਆ ਜਾ ਰਿਹਾ ਹੈ। ਐਤਵਾਰ ਸਵੇਰੇ 5 ਵਜੇ ਡੀ.ਸੀ ਕੁੱਲੂ ਨੇ ਪਹਿਲਾ ਜੱਥਾ ਯਾਤਰਾ ਲਈ ਰਵਾਨਾ ਕੀਤਾ। ਇਸ ਤੋਂ ਬਾਅਦ 700 ਦੇ ਕਰੀਬ ਸ਼ਰਧਾਲੂਆਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਭੇਜਿਆ ਗਿਆ।
ਡੀ.ਸੀ ਨੇ ਇਸ ਮੌਕੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਵਾਰ ਦੀ ਸ੍ਰੀਖੰਡ ਯਾਤਰਾ ਲਈ ਸ਼ਰਧਾਲੂਆਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਯਾਤਰਾ ਤੋਂ ਪਹਿਲਾਂ ਸ੍ਰੀਖੰਡ ਨੂੰ ਜਾਣ ਵਾਲੇ ਰਸਤਿਆਂ ਨੂੰ ਤਿਆਰ ਕਰ ਲਿਆ ਗਿਆ ਹੈ ਅਤੇ ਰਸਤੇ ਵਿੱਚ ਪਾਣੀ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਯਾਤਰਾ ਦੌਰਾਨ ਹਰ ਬੇਸ ਕੈਂਪ ‘ਤੇ ਪੁਲਿਸ, ਬਚਾਅ ਟੀਮ, ਐਸ.ਡੀ.ਆਰ.ਐਫ, ਮੈਡੀਕਲ, ਮਾਲੀਆ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਸਮੂਹ ਸੰਗਤਾਂ ਨੂੰ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਬਿਨਾਂ ਰਜਿਸਟ੍ਰੇਸ਼ਨ ਅਤੇ ਮੈਡੀਕਲ ਚੈਕਅੱਪ ਤੋਂ ਯਾਤਰਾ ‘ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਸ਼ਿਵ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਨਸ਼ੇ ਦਾ ਸੇਵਨ ਨਾ ਕਰਨ, ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕੂੜਾ-ਕਰਕਟ ਖਾਸ ਕਰਕੇ ਪਲਾਸਟਿਕ ਦਾ ਕੂੜਾ ਜੰਗਲ ਵਿੱਚ ਨਾ ਸੁੱਟਣ।