ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਕੇਂਦਰੀ ਇਲਾਕੇ ਵਿੱਚ ਦੋ ਹਿੰਦੂ ਧੜਿਆਂ ਹਿਮਾਲਿਆਈ ਬ੍ਰਹਮੋ ਸਮਾਜ (The Himalayan Brahmo Samaj) ਅਤੇ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ (Ramakrishna Mission Ashram) ਵਿਚਾਲੇ ਵਿਵਾਦ ਮਗਰੋਂ ਹੋਈ ਝੜਪ ਦੌਰਾਨ ਤਿੰਨ ਪੁਲਿਸ ਮੁਲਾਜ਼ਮਾਂ ਸਣੇ ਸੱਤ ਵਿਅਕਤੀ ਜ਼ਖਮੀ ਹੋ ਗਏ। ਪੁਲਿਸ ਨੇ ਅੱਜ ਦੱਸਿਆ ਕਿ ਵਿਵਾਦ ਦੌਰਾਨ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਆਸ਼ਰਮ ਵਿਧਾਨ ਸਭਾ ਨੇੜੇ ਬ੍ਰਹਮੋ ਸਮਾਜ ਦੀ ਪ੍ਰਾਪਰਟੀ ਵਿੱਚ ਸਥਿਤ ਹੈ। ਪੁਲਿਸ ਨੇ ਕਿਹਾ ਕਿ ਇਸ ਸਬੰਧੀ ਸੱਤ ਵਿਦਿਆਰਥੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ।
ਸ਼ਿਮਲਾ ਦੇ ਐਸ.ਪੀ ਸੰਜੀਵ ਕੁਮਾਰ ਗਾਂਧੀ ਨੇ ਕਿਹਾ ਕਿ ਇਹ ਝਗੜਾ 100 ਤੋਂ ਵੱਧ ਵਿਅਕਤੀਆਂ ਜਿਸ ਵਿੱਚ ਹਿਮਾਲਿਆਈ ਬ੍ਰਹਮੋ ਸਮਾਜ ਨਾਲ ਸੰਬੰਧਿਤ ਔਰਤਾਂ ਵੀ ਸ਼ਾਮਿਲ ਸਨ, ਦੇ ਸ਼ਨੀਵਾਰ ਸ਼ਾਮ ਨੂੰ ਪ੍ਰਾਰਥਨਾ ਲਈ ਆਸ਼ਰਮ ਕੰਪਲੈਕਸ ਵਿੱਚ ਦਾਖਲ ਹੋਣ ਮਗਰੋਂ ਹੋਇਆ । ਗਾਂਧੀ ਮੁਤਾਬਕ ਬ੍ਰਹਮੋ ਸਮਾਜ ਦੇ ਪੈਰੋਕਾਰ ਰਾਤ ਨੂੰ ਵੀ ਪ੍ਰਾਰਥਨਾ ਜਾਰੀ ਰੱਖਣੀ ਚਾਹੁੰਦੇ ਸਨ। ਜਿਸ ਦਾ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਜਿਸ ਦਾ ਕੰਪਲੈਕਸ ਤੇ ਕਬਜ਼ਾ ਹੈ , ਨੇ ਵਿਰੋਧ ਕੀਤਾ।
ਆਸ਼ਰਮ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਕੀਮਤ ਵਾਲੀ ਇਸਦੀ ਜਾਇਦਾਦੀ ਮਾਲਕੀ ਸਬੰਧੀ ਵਿਵਾਦ ਚੱਲਦਾ ਹੋਣ ਕਾਰਨ ਕਬਜ਼ੇ ਦੀ ਸੰਭਾਵੀ ਕੋਸ਼ਿਸ਼ ਦੇ ਮੱਦੇ ਨਜ਼ਰ ਆਸ਼ਰਮ ਪ੍ਰਬੰਧਕਾਂ ਨੇ ਮਦਦ ਲਈ ਪੁਲਿਸ ਦੇ ਪ੍ਰਸ਼ਾਸਨ ਨੂੰ ਬੁਲਾ ਲਿਆ । ਐਸ.ਪੀ ਮੁਤਾਬਕ ਜਦੋਂ ਹਿਮਾਲਿਆਈ ਬ੍ਰਹਮੋ ਸਮਾਜ ਦੇ ਪੈਰੋਕਾਰਾਂ ਐਤਵਾਰ ਨੂੰ ਫਿਰ ਪ੍ਰਾਰਥਨਾ ਸ਼ੁਰੂ ਕਰਨ ਦੀ ਸ਼ਰਤ ਉੱਤੇ ਜਾਣ ਲੱਗੇ ਤਾਂ ਸ਼੍ਰੀ ਰਾਮ ਕ੍ਰਿਸ਼ਨ ਮਿਸ਼ਨ ਨੇ ਉਨ੍ਹਾਂ ‘ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਸਣੇ ਸੱਤ ਵਿਅਕਤੀ ਜ਼ਖਮੀ ਹੋ ਗਏ।