ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ (The Haryana Vidhan Sabha Elections) ਦੇ ਨਤੀਜਿਆਂ ਤੋਂ ਬਾਅਦ ਨਾਇਬ ਸਿੰਘ ਸੈਣੀ (Naib Singh Saini) ਇੱਕ ਵਾਰ ਫਿਰ ਭਾਜਪਾ ਸਰਕਾਰ (The BJP Government) ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਪਹਿਲਾਂ ਇਹ ਸਮਾਗਮ 15 ਅਕਤੂਬਰ ਨੂੰ ਹੋਣਾ ਸੀ, ਪਰ ਹੁਣ ਇਸ ਦੀ ਤਰੀਕ ਬਦਲ ਕੇ 17 ਅਕਤੂਬਰ ਕਰ ਦਿੱਤੀ ਗਈ ਹੈ । ਸਹੁੰ ਚੁੱਕ ਸਮਾਗਮ ਪੰਚਕੂਲਾ ਦੇ ਦੁਸਹਿਰਾ ਗਰਾਊਂਡ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਨਾਇਬ ਸੈਣੀ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਮੁੱਖ ਮੰਤਰੀ ਨਾਇਬ ਸੈਣੀ ਦੇ ਨਾਲ ਕਈ ਮੰਤਰੀ ਸਹੁੰ ਚੁੱਕਣਗੇ।

ਮੁੱਖ ਮੰਤਰੀ ਨਾਇਬ ਸੈਣੀ ਦਾ ਸਹੁੰ ਚੁੱਕ ਸਮਾਗਮ ਸ਼ਾਨਦਾਰ ਹੋਵੇਗਾ। ਸਹੁੰ ਚੁੱਕ ਸਮਾਗਮ ਵਿੱਚ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਕਈ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜਾਣਕਾਰੀ ਅਨੁਸਾਰ ਅਨਿਲ ਵਿੱਜ, ਕ੍ਰਿਸ਼ਨ ਲਾਲ ਮਿੱਢਾ, ਸ਼ਰੂਤੀ ਚੌਧਰੀ, ਅਰਵਿੰਦ ਕੁਮਾਰ ਸ਼ਰਮਾ, ਵਿਪੁਲ ਗੋਇਲ, ਨਿਖਿਲ ਮਦਾਨ ਨੂੰ ਹਰਿਆਣਾ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਥਾਂ ਮਿਲ ਸਕਦੀ ਹੈ।

ਵਰਣਨਯੋਗ ਹੈ ਕਿ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਰਾਜਧਾਨੀ ‘ਚ ਕੇਂਦਰੀ ਮੰਤਰੀ ਅਤੇ ਹਰਿਆਣਾ ਭਾਜਪਾ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਨਾਲ ਵੀ ਮੁਲਾਕਾਤ ਕੀਤੀ।

ਦੱਸ ਦੇਈਏ ਕਿ ਹਰਿਆਣਾ ‘ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 48 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਸਿਰਫ਼ 37 ਸੀਟਾਂ ਤੱਕ ਹੀ ਸੀਮਤ ਰਹੀ। ਇਸ ਚੋਣ ਵਿੱਚ ਜੇ.ਜੇ.ਪੀ. ਅਤੇ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਗਿਆ ਅਤੇ ਇਨੈਲੋ ਸਿਰਫ ਦੋ ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਸੂਬੇ ਦੀਆਂ ਤਿੰਨ ਸੀਟਾਂ ਹੋਰਾਂ ਨੂੰ ਮਿਲ ਗਈਆਂ ਹਨ।

Leave a Reply