ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ (AAP leader Atishi) ਅੱਜ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਲੈਫਟੀਨੈਂਟ ਗਵਰਨਰ ਵੀ.ਕੇ ਸਕਸੈਨਾ ਨੇ ਅੱਜ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਦਿੱਲੀ ਦੇ ਸੀ.ਐਮ ਆਤਿਸ਼ੀ ਨੂੰ ਸਾਬਕਾ ਸੀ.ਐਮ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਦੇ ਦੇਖਿਆ ਗਿਆ। ਇਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਆਤਿਸ਼ੀ ਅਰਵਿੰਦ ਕੇਜਰੀਵਾਲ ਦੇ ਪੈਰ ਛੂਹ ਕੇ ਅਸ਼ੀਰਵਾਦ ਲੈ ਰਹੀ ਹੈ ਅਤੇ ਉਪ ਰਾਜਪਾਲ ਵੀ ਨਜ਼ਰ ਆ ਰਹੇ ਹਨ।

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਤਿਸ਼ੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਾਰਟੀ ਦੀ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਸੀ। ਸਹੁੰ ਚੁੱਕ ਸਮਾਗਮ ‘ਚ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਨੇਤਾ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਕਾਂਗਰਸ ਦੀ ਸ਼ੀਲਾ ਦੀਕਸ਼ਿਤ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੁਸ਼ਮਾ ਸਵਰਾਜ ਤੋਂ ਬਾਅਦ ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੈ। ਆਜ਼ਾਦ ਭਾਰਤ ਵਿੱਚ ਆਤਿਸ਼ੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ 17ਵੀਂ ਮਹਿਲਾ ਹੈ।

ਉਪ ਰਾਜਪਾਲ ਨੇ ਪਾਰਟੀ ਨੇਤਾਵਾਂ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਨੂੰ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁਕਾਈ। ਸੁਲਤਾਨਪੁਰ ਮਾਜਰਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਮੁਕੇਸ਼ ਅਹਿਲਾਵਤ ਆਤਿਸ਼ੀ ਮੰਤਰੀ ਮੰਡਲ ਵਿੱਚ ਨਵਾਂ ਚਿਹਰਾ ਹਨ। ਮੁੱਖ ਮੰਤਰੀ ਦੇ ਅਹੁਦੇ ‘ਤੇ ਆਤਿਸ਼ੀ ਦੀ ਪਾਰੀ ਸੰਖੇਪ ਹੋਵੇਗੀ ਕਿਉਂਕਿ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅਗਲੇ ਸਾਲ ਫਰਵਰੀ ਮਹੀਨੇ ਚੋਣਾਂ ਹੋਣ ਦੀ ਸੰਭਾਵਨਾ ਹੈ।

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਤਿਸ਼ੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਹਿੱਸਾ ਰਹੇ ਨੇਤਾਵਾਂ ਨੇ ‘ਆਪ’ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨਾਲ ਉਨ੍ਹਾਂ ਦੀ ਸਿਵਲ ਲਾਈਨ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਉਪ ਰਾਜਪਾਲ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਬੀਤੀ ਸ਼ਾਮ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਤਿਸ਼ੀ ਨੂੰ ਉਨ੍ਹਾਂ ਦੇ ਸਹੁੰ ਚੁੱਕਣ ਦੀ ਮਿਤੀ ਤੋਂ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ ਅਤੇ ਕੇਜਰੀਵਾਲ ਦਾ ਅਸਤੀਫ਼ਾ ਵੀ ਸਵੀਕਾਰ ਕਰ ਲਿਆ ਹੈ।

Leave a Reply