ਅਜਨਾਲਾ : ਸਥਾਨਕ ਪੁਲਿਸ ਨੇ ਸਹੁਰੇ ਨੂੰ ਬੇਹੋਸ਼ ਕਰਕੇ ਘਰੋਂ ਭੱਜਣ ਵਾਲੀ ਨੂੰਹ ਨੂੰ ਉਸ ਦੇ ਪ੍ਰੇਮੀ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਸੱਸ-ਸਹੁਰੇ ਦੇ ਚੋਰੀ ਕੀਤੇ ਪਾਸਪੋਰਟ ਅਤੇ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ।

ਉਕਤ ਘਟਨਾ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਗੁਰਵਿੰਦਰ ਸਿੰਘ ਅਜਨਾਲਾ ਨੇ ਦੱਸਿਆ ਕਿ ਹਾਲ ਹੀ ਵਿੱਚ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਵਾਨ ਥਾਣਾ ਰਾਮਦਾਸ ਦਰਜ਼ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ ਲੜਕਾ ਰਾਜਵਿੰਦਰ ਸਿੰਘ ਵਿਆਹਿਆ ਹੋਇਆ ਹੈ ਅਤੇ ਵਿਦੇਸ਼ ਵਿੱਚ ਇਟਲੀ ਰਹਿੰਦਾ ਹੈ। ਉਸ ਦੀ ਨੂੰਹ ਪ੍ਰਨੀਤ ਕੌਰ ਘਰ ਵਿੱਚ ਉਸ ਤੋਂ ਵੱਖ ਰਹਿੰਦੀ ਹੈ। ਬੀਤੀ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਉਹ ਆਪਣੇ ਘਰ ਵਿਚ ਇਕੱਲਾ ਸੀ, ਉਹ ਅਤੇ ਉਸ ਦੀ ਨੂੰਹ ਪ੍ਰਨੀਤ ਕੌਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ-ਆਪਣੇ ਕਮਰੇ ਵਿਚ ਸੌਣ ਲਈ ਚਲੇ ਗਏ ਸਨ, ਜਦੋਂ ਸਵੇਰੇ ਕਰੀਬ 3 ਵਜੇ ਉਹ ਅਚਾਨਕ ਜਾਗ ਗਏ । ਉਸ ਨੇ ਦੇਖਿਆ ਕਿ ਉਸ ਦੀ ਨੂੰਹ ਪ੍ਰਨੀਤ ਕੌਰ ਉਸ ਦੇ ਕਮਰੇ ਵਿਚ ਮੌਜੂਦ ਨਹੀਂ ਸੀ।

ਜਦੋਂ ਉਸ ਨੇ ਆਪਣੇ ਦੂਜੇ ਕਮਰੇ ਦੀ ਜਾਂਚ ਕੀਤੀ ਤਾਂ ਉਸ ਦੇ ਕਮਰੇ ਦੇ ਅੰਦਰ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਦੀ ਨੂੰਹ ਪ੍ਰਨੀਤ ਕੌਰ ਨੇ ਉਸ ਦੀ ਅਲਮਾਰੀ ‘ਚੋਂ ਉਸ ਦੇ ਬੈਂਕ ਖਾਤੇ ਦੇ ਏ.ਟੀ.ਐੱਮ. ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਦਾ, ਪਾਸਪੋਰਟ ਅਤੇ ਘਰ ਦੇ ਵਿਹੜੇ ਵਿਚ ਖੜ੍ਹੀ ਸਵਿਫਟ ਕਾਰ ਵੀ ਚੋਰੀ ਕਰਕੇ ਲਈ ਗਈ ਸੀ।

ਤਫਤੀਸ਼ ਦੌਰਾਨ ਸਥਾਨਕ ਪੁਲਿਸ ਨੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਪੁੱਤਰ ਬਲਕਾਰ ਸਿੰਘ ਵਾਸੀ ਗੱਗੋਮਾਹਲ ਨੂੰ ਨਾਮਜ਼ਦ ਕੀਤਾ ਅਤੇ 21 ਅਗਸਤ ਨੂੰ ਨਾਕਾਬੰਦੀ ਦੌਰਾਨ ਮੁਲਜ਼ਮ ਪ੍ਰਨੀਤ ਕੌਰ ਅਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁੱਛਗਿੱਛ ਦੌਰਾਨ ਪ੍ਰਨੀਤ ਕੌਰ ਨੇ ਮੰਨਿਆ ਕਿ ਉਸ ਨੇ ਆਪਣੇ ਸਹੁਰੇ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਸਨ ਤਾਂ ਜੋ ਉਸ ਦੀ ਨੀਂਦ ਨਾ ਖੁੱਲ੍ਹ ਸਕੇ। ਪ੍ਰਨੀਤ ਕੌਰ ਅਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਤੋਂ 15 ਤੋਲੇ ਸੋਨੇ ਦੇ ਗਹਿਣੇ, 2 ਪਾਸਪੋਰਟ, 4 ਏ.ਟੀ.ਐਮ. ਕਾਰਡ ਅਤੇ ਇੰਟਰਨੈਸ਼ਨਲ ਡੈਬਿਟ ਕਾਰਡ ਬਰਾਮਦ ਕੀਤੇ ਹਨ।

Leave a Reply