ਚੰਡੀਗੜ੍ਹ: ਸਪੋਰਟਸ ਜਰਨਲਿਸਟ ਫ਼ੈੱਡਰੇਸ਼ਨ ਆਫ਼ ਇੰਡੀਆ (Sports Journalists Federation of India) ਵੱਲੋਂ ਸਵ. ਮਿਲਖਾ ਸਿੰਘ (Milkha Singh) ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ (Lifetime Achievement Award) ਦਿੱਤਾ ਗਿਆ। ਇਹ ਐਵਾਰਡ ਉਨ੍ਹਾਂ ਦੇ ਸਪੁੱਤਰ ਗੋਲਫਰ ਜੀਵ ਮਿਲਖਾ ਸਿੰਘ ਨੇ ਪ੍ਰਾਪਤ ਕੀਤਾ। ਕ੍ਰਿਕਟਰ, ਐਕਟਰ ਅਤੇ ਭਾਗ ਮਿਲਖਾ ਭਾਗ ਫ਼ਿਲਮ ਵਿਚ ਮਿਲਖਾ ਸਿੰਘ ਦੇ ਕੋਚ ਬਣੇ ਯੋਗਰਾਜ ਸਿੰਘ ਨੇ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ। ਐਵਾਰਡ ਵਿਚ ਸ਼ੁੱਧ ਸੋਨੇ ਦਾ ਮੈਡਲ, ਸਰਟੀਫਿਕੇਟ ਅਤੇ ਸ਼ਾਲ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾ ਫੈੱਡਰੇਸ਼ਨ ਬੈਡਮਿੰਟਨ ਸਟਾਰ ਪ੍ਰਕਾਸ਼ ਪਾਦੂਕੋਣ, ਕ੍ਰਿਕਟਰ ਸੁਨੀਲ ਗਵਾਸਕਰ ਅਤੇ ਟੈਨਿਸ ਖਿਡਾਰੀ ਰਹੇ ਵਿਜੇ ਅੰਮ੍ਰਿਤਰਾਜ ਨੂੰ ਇਹ ਐਵਾਰਡ ਦੇ ਚੁੱਕੀ ਹੈ। ਮਿਲਖਾ ਸਿੰਘ ਤੋਂ ਬਾਅਦ ਹੁਣ ਅਗਲੇ ਸਾਲ ਇਹ ਸਨਮਾਨ ਪੀ. ਟੀ. ਊਸ਼ਾ ਨੂੰ ਦਿੱਤਾ ਜਾਣਾ ਹੈ।
ਇਸ ਮੌਕੇ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾ ਦੇ ਪਿਤਾ ਸਵ. ਮਿਲਖਾ ਸਿੰਘ ਉਨ੍ਹਾਂ ਦੇ ਪਿਤਾ ਹੀ ਨਹੀਂ ਬਲਕਿ ਸਭ ਤੋਂ ਕਰੀਬੀ ਦੋਸਤ ਵੀ ਸਨ। ਮੈਨੂੰ ਮਾਣ ਹੈ ਕਿ ਮੇਰੇ ਨਾਂ ਪਿੱਛੇ ਮਿਲਖਾ ਸਿੰਘ ਜੁੜਿਆ ਹੈ, ਜੋ ਹਮੇਸ਼ਾ ਮੈਨੂੰ ਮਿਹਨਤ, ਅਨੁਸ਼ਾਸਨ ਅਤੇ ਤਿਆਗ ਦੀ ਪ੍ਰੇਰਣਾ ਦਿੰਦਾ ਹੈ।
ਮਿਲਖਾ ਸਿੰਘ ਭਾਰਤ ਰਤਨ ਦੇ ਹੱਕਦਾਰ : ਯੋਗਰਾਜ
ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਯੋਗਰਾਜ ਸਿੰਘ ਨੇ ਕਿਹਾ ਕਿ ਜੋ ਪ੍ਰਾਪਤੀਆਂ ਮਿਲਖਾ ਸਿੰਘ ਨੇ ਸੀਮਿਤ ਸਾਧਨਾਂ ਨਾਲ ਹਾਸਲ ਕੀਤੀਆਂ, ਉਸ ਲਈ ਉਹ ਭਾਰਤ ਰਤਨ ਦੇ ਹੱਕਦਾਰ ਹਨ। ਉਨ੍ਹਾਂ ਦੱਸਿਆ ਕਿ ਸੁਖਨਾ ਝੀਲ ’ਤੇ ਉਨ੍ਹਾਂ ਨਾਲ ਹਮੇਸ਼ਾ ਮੁਲਾਕਾਤ ਹੁੰਦੀ ਸੀ ਅਤੇ ਕਾਫ਼ੀ ਚਰਚਾ ਹੁੰਦੀ ਸੀ। ਉਹ ਹਮੇਸ਼ਾ ਮੈਨੂੰ ਸਹੀ ਮਾਰਗਦਰਸ਼ਨ ਦਿੰਦੇ ਸਨ। ਉਨ੍ਹਾਂ ਵਿਚ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਅਤੇ ਪਿਤਾ ਦੀ ਝਲਕ ਦਿਖਾਈ ਦਿੰਦੀ ਸੀ। ਇਹੀ ਕਾਰਨ ਰਿਹਾ ਕਿ ਉਨ੍ਹਾਂ ਨੇ ਭਾਗ ਮਿਲਖਾ ਭਾਗ ਵਿਚ ਮੈਨੂੰ ਕੋਚ ਦਾ ਰੋਲ ਦੇਣ ਲਈ ਨਿਰਦੇਸ਼ਕ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਵਰਗਾ ਸਾਦਾ ਵਿਅਕਤੀ ਦੁਬਾਰਾ ਜਨਮ ਨਹੀਂ ਲੈ ਸਕਦਾ।
The post ਸਵ. ਮਿਲਖਾ ਸਿੰਘ ਨੂੰ ਮਿਲਿਆ ਲਾਈਫਟਾਈਮ ਅਚੀਵਮੈਂਟ ਐਵਾਰਡ appeared first on Time Tv.