ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ‘ਚ ਰਾਜਸਥਾਨ ਦੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
By admin / June 16, 2024 / No Comments / Punjabi News
ਮਹਾਰਾਸ਼ਟਰ: ਮੁੰਬਈ ਪੁਲਿਸ (The Mumbai Police) ਨੇ ਅਪ੍ਰੈਲ ‘ਚ ਅਦਾਕਾਰ ਸਲਮਾਨ ਖਾਨ (Actor Salman Khan) ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ‘ਚ ਨਵਾਂ ਮਾਮਲਾ ਦਰਜ ਕੀਤਾ ਹੈ ਅਤੇ ਅਪਰਾਧਿਕ ਧਮਕਾਉਣ ਦੇ ਦੋਸ਼ ‘ਚ ਰਾਜਸਥਾਨ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਬੂੰਦੀ ਵਾਸੀ ਬਨਵਾਰੀਲਾਲ ਲਟੂਰ ਲਾਲ ਗੁੱਜਰ (25) ਵਜੋਂ ਹੋਈ ਹੈ।
ਅਧਿਕਾਰੀ ਨੇ ਕਿਹਾ ਕਿ ਗੁੱਜਰ ਨੇ ਕਥਿਤ ਤੌਰ ‘ਤੇ ਆਪਣੇ ਯੂਟਿਊਬ ਚੈਨਲ ‘ਤੇ ਇਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿਚ ਉਸ ਨੇ ਕਿਹਾ ਸੀ, ‘ਲਾਰੇਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰ ਗੈਂਗ ਮੈਂਬਰ ਮੇਰੇ ਨਾਲ ਹਨ ਅਤੇ ਮੈਂ ਸਲਮਾਨ ਖਾਨ ਨੂੰ ਮਾਰਨ ਜਾ ਰਿਹਾ ਹਾਂ ਕਿਉਂਕਿ ਉਨ੍ਹਾਂ ਨੇ ਅਜੇ ਤੱਕ ਮੁਆਫੀ ਨਹੀਂ ਮੰਗੀ ਹੈ। ਮੁਲਜ਼ਮ ਨੇ ਰਾਜਸਥਾਨ ਦੇ ਇੱਕ ਹਾਈਵੇਅ ’ਤੇ ਵੀਡੀਓ ਬਣਾ ਕੇ ਆਪਣੇ ਚੈਨਲ ’ਤੇ ਅਪਲੋਡ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਲਈ ਇਕ ਟੀਮ ਰਾਜਸਥਾਨ ਭੇਜੀ ਗਈ ਅਤੇ ਉਨ੍ਹਾਂ ਨੇ ਮੁਲਜ਼ਮਾਂ ਨੂੰ ਫੜ ਲਿਆ।
ਉਨ੍ਹਾਂ ਦੱਸਿਆ ਕਿ ਮੁੰਬਈ ਦੇ ਸਾਈਬਰ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ, ‘ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਦੋਸ਼ੀ ਗੁੱਜਰ ਦਾ ਕੋਈ ਪੁਰਾਣਾ ਅਪਰਾਧਿਕ ਇਤਿਹਾਸ ਹੈ। ਉਸ ਨੂੰ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ, 506 (2) (ਅਪਰਾਧਿਕ ਧਮਕੀਆਂ ਦੀ ਸਜ਼ਾ) ਅਤੇ ਸੂਚਨਾ ਤਕਨਾਲੋਜੀ (ਆਈ. ਟੀ.) ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।’ 14 ਅਪ੍ਰੈਲ ਦੀ ਸਵੇਰ ਨੂੰ ਬਾਂਦਰਾ ਇਲਾਕੇ ‘ਚ ਸਲਮਾਨ ਖਾਨ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਕਈ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ਵਿੱਚ ਕੁੱਲ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ‘ਚੋਂ ਇਕ ਅਨੁਜ ਥਾਪਨ ਨੇ 1 ਮਈ ਨੂੰ ਪੁਲਿਸ ਲਾਕਅੱਪ ‘ਚ ਕਥਿਤ ਤੌਰ ‘ਤੇ ਫਾਹਾ ਲੈ ਲਿਆ ਸੀ।