ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ (Salman Khan) ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ‘ਚ ਹਨ। ਅਭਿਨੇਤਾ ਦੇ ਘਰ ‘ਤੇ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਜਾਰੀ ਹੈ। ਇਸ ਮਾਮਲੇ ‘ਚ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਹੁਣ ਮੁੰਬਈ ਦੀ ਬਾਂਦਰਾ ਪੁਲਿਸ ਨੇ ਸਲਮਾਨ ਖਾਨ ਦੇ ਫੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਨਾਮ ‘ਤੇ ਮਜ਼ਾਕ ਕਰਨਾ ਸੁਪਰਸਟਾਰ ਦੇ ਪ੍ਰਸ਼ੰਸਕ ਨੂੰ ਬਹੁਤ ਮਹਿੰਗਾ ਪਿਆ ਹੈ। ਦਰਅਸਲ, ਪ੍ਰਸ਼ੰਸਕ ਨੇ ਗਲੈਕਸੀ ਅਪਾਰਟਮੈਂਟ ਦੇ ਬਾਹਰੋਂ ਬਿਸ਼ਨੋਈ ਦੇ ਨਾਮ ‘ਤੇ ਕੈਬ ਬੁੱਕ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੁੰਬਈ ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਰੋਹਿਤ ਤਿਆਗੀ ਵਜੋਂ ਹੋਈ ਹੈ। ਉਹ 20 ਸਾਲ ਦਾ ਹੈ ਅਤੇ ਯੂਪੀ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਸਲਮਾਨ ਖਾਨ ਦੇ ਘਰ ਤੋਂ ਬਾਂਦਰਾ ਥਾਣੇ ਲਈ ਲਾਰੈਂਸ ਬਿਸ਼ਨੋਈ ਦੇ ਨਾਮ ‘ਤੇ ਦੋ ਵਾਰ ਕੈਬ ਬੁੱਕ ਕਰਨ ਅਤੇ ਰੱਦ ਕਰਨ ਵਾਲੇ ਨੌਜਵਾਨ ਨੂੰ ਮੁੰਬਈ ਪੁਲਿਸ ਨੇ ਕਵਿਨਗਰ ਥਾਣਾ ਖੇਤਰ ਦੇ ਗੋਵਿੰਦਪੁਰਮ ਤੋਂ ਗ੍ਰਿਫਤਾਰ ਕੀਤਾ ਹੈ।ਹਮਲੇ ਵਾਲੇ ਦਿਨ ਰੋਹਿਤ ਤਿਆਗੀ ਨੇ ਕੈਬ ਬੁੱਕ ਕੀਤੀ ਸੀ। ਦੋਸ਼ੀ ਬੀਬੀਏ ਦੇ ਅੰਤਿਮ ਸਾਲ ਦਾ ਵਿਦਿਆਰਥੀ ਹੈ ਅਤੇ ਆਪਣੇ ਆਪ ਨੂੰ ਸਲਮਾਨ ਦਾ ਵੱਡਾ ਪ੍ਰਸ਼ੰਸਕ ਦੱਸ ਰਿਹਾ ਹੈ। ਉਸਨੇ ਕਿਹਾ ਕਿ ਇਸ ਖ਼ਬਰ ਤੋਂ ਪਰੇਸ਼ਾਨ ਹੋ ਕੇ ਉਸਨੇ ਲਾਰੈਂਸ ਦੇ ਨਾਮ ਤੋਂ ਕੈਬ ਬੁੱਕ ਕਰ ਮਜ਼ਾਕ ਕੀਤਾ ਸੀ।
ਪੁਲਿਸ ਨੇ ਕਿਹਾ ਜਦੋਂ ਕੈਬ ਡਰਾਈਵਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਪਹੁੰਚਿਆ ਅਤੇ ਉਥੇ ਦੇ ਚੌਕੀਦਾਰ ਨੂੰ ਬੁਕਿੰਗ ਬਾਰੇ ਪੁੱਛਿਆ ਤਾਂ ਚੌਕੀਦਾਰ ਪਹਿਲਾਂ ਤਾਂ ਹੈਰਾਨ ਰਹਿ ਗਿਆ, ਉਸਨੇ ਤੁਰੰਤ ਨੇੜਲੇ ਬਾਂਦਰਾ ਥਾਣੇ ਨੂੰ ਬੁਕਿੰਗ ਬਾਰੇ ਸੂਚਿਤ ਕੀਤਾ। ਇਸ ‘ਤੇ ਕਾਰਵਾਈ ਕਰਦਿਆਂ ਮੁੰਬਈ ਦੀ ਬਾਂਦਰਾ ਪੁਲਿਸ ਨੇ ਕੈਬ ਡਰਾਈਵਰ ਤੋਂ ਪੁੱਛਗਿੱਛ ਕੀਤੀ ਅਤੇ ਆਨਲਾਈਨ ਕੈਬ ਬੁੱਕ ਕਰਨ ਵਾਲੇ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ।