ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਸਹੂਲਤਾਂ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਅਤੇ ਸਕੂਲ ਛੱਡਣ ਦੀ ਦਰ ਨੂੰ ਘੱਟ ਕਰਨ ਲਈ ਸ਼ੁਰੂ ਕੀਤੀ ਗਈ ਬੱਸ ਸੇਵਾ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਲਿਆਂਦੀ ਹੈ। ਉਪਰੋਕਤ ਬਿਆਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 200 ਦੇ ਕਰੀਬ ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 118 ਸਕੂਲ ਆਫ਼ ਐਮੀਨੈਂਸ ਹਨ। ਇਨ੍ਹਾਂ ਸਕੂਲਾਂ ਦੇ 10448 ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜਿਨ੍ਹਾਂ ਵਿੱਚ 7698 ਲੜਕੀਆਂ ਅਤੇ 2740 ਲੜਕੇ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੀਆਂ ਹਨ ਅਤੇ 1002 ਵਿਦਿਆਰਥਣਾਂ ਨੇ 20 ਕਿ.ਮੀ. ਰੁਪਏ ਤੋਂ ਵੱਧ ਦੀ ਯਾਤਰਾ ਸਹੂਲਤ ਦਾ ਲਾਭ ਲੈ ਰਹੇ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਵਿਖੇ ਸਥਿਤ ਐੱਸ. ਜੀ.ਆਰ.ਐਮ. ਗਰਲਜ਼ ਸਕੂਲ ਦੀਆਂ 712 ਵਿਦਿਆਰਥਣਾਂ ਬੱਸ ਦੀ ਸਹੂਲਤ ਦਾ ਲਾਭ ਲੈ ਰਹੀਆਂ ਹਨ।
ਜਦੋਂਕਿ ਉਨ੍ਹਾਂ ਤੋਂ ਬਾਅਦ ਬਠਿੰਡਾ ਦੇ ਮਾਲ ਰੋਡ ’ਤੇ ਸਥਿਤ ਸਰਕਾਰੀ ਸਕੂਲ ਦੀਆਂ 645, ਨਹਿਰੂ ਗਾਰਡਨ ਗਰਲਜ਼ ਸਕੂਲ ਜਲੰਧਰ ਦੀਆਂ 466, ਕੋਟਕਪੂਰਾ ਦੀਆਂ 399, ਸ੍ਰੀ ਆਨੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਦੀਆਂ 300 ਅਤੇ ਫਤਿਹਗੜ੍ਹ ਸਾਹਿਬ ਗਰਲਜ਼ ਸਕੂਲ ਗੋਬਿੰਦਗੜ੍ਹ ਦੀਆਂ 200 ਵਿਦਿਆਰਥਣਾਂ ਲਾਭਪਾਤਰੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਕਾਰਨ ਵਿਦਿਆਰਥਣਾਂ ਦੇ ਸਕੂਲ ਛੱਡਣ ਦੇ ਰੁਝਾਨ ਨੂੰ ਵੀ ਠੱਲ੍ਹ ਪਈ ਹੈ ਅਤੇ ਪੰਜਾਬ ਸਰਕਾਰ ਹੌਲੀ-ਹੌਲੀ ਇਸ ਸਹੂਲਤ ਦਾ ਘੇਰਾ ਵਧਾ ਰਹੀ ਹੈ।