ਲੁਧਿਆਣਾ : ਲੋਕ ਸਭਾ ਚੋਣਾਂ (Lok Sabha elections) ਲਈ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰੀ ਵਿਭਾਗਾਂ ‘ਚ ਰੁਟੀਨ ਦੇ ਕੰਮਕਾਜ ਠੱਪ ਹੋਣ ਦੇ ਮੱਦੇਨਜ਼ਰ ਸਰਕਾਰੀ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲੇ ਇਕਦਮ ਸਰਗਰਮ ਹੋ ਗਏ ਹਨ। ਇਸ ਸਬੰਧੀ ਇਕ ਮਾਮਲਾ ਮਾਡਲ ਟਾਊਨ ਐਕਸਟੈਨਸ਼ਨ ‘ਚ ਸਾਹਮਣੇ ਆਇਆ ਹੈ, ਜਿੱਥੇ ਚੇਅਰਮੈਨ ਤਰਸੇਮ ਭਿੰਡਰ ਨੇ ਖੁਦ ਜਾ ਕੇ ਮਾਡਲ ਟਾਊਨ ‘ਚ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਸੂਚਨਾ ਮਿਲਣ ’ਤੇ ਉਹ ਖੁਦ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਗਏ ਸਨ।

ਇਸ ਦੌਰਾਨ ਉਥੇ ਚਾਰਦੀਵਾਰੀ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਮਾਲਕੀ ਦਾ ਕੋਈ ਸਬੂਤ ਨਹੀਂ ਦਿਖਾ ਸਕੇ। ਇਸ ਦੇ ਮੱਦੇਨਜ਼ਰ ਮੌਕੇ ’ਤੇ ਕੰਮ ਰੋਕ ਦਿੱਤਾ ਗਿਆ ਅਤੇ ਉਥੇ ਮੌਜੂਦ ਤਿੰਨ ਵਿਅਕਤੀਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਚੇਅਰਮੈਨ ਅਨੁਸਾਰ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਲਈ ਮਾਡਲ ਟਾਊਨ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਮਾਡਲ ਟਾਊਨ ਐਕਸਟੈਨਸ਼ਨ ‘ਚ ਜਿਸ ਜਗ੍ਹਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਜਗ੍ਹਾ ਲਈ ਕਾਂਗਰਸ ਸਰਕਾਰ ਵੇਲੇ ਕੀਤੀ ਗਈ ਬੋਲੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਭਾਜਪਾ ਦੇ ਵਿਰੋਧ ਕਾਰਨ ਸਰਕਾਰ ਵੱਲੋਂ ਇਸ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਅਦਾਲਤ ‘ਚ ਕੇਸ ਵੀ ਦਾਇਰ ਕੀਤਾ ਗਿਆ ਸੀ।

Leave a Reply