ਸਰਕਾਰੀ ਅਧਿਆਪਕ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਚ ਪੁਲਿਸ ਨੇ ਕੀਤੀ ਕਾਰਵਾਈ
By admin / July 8, 2024 / No Comments / Punjabi News
ਫਾਜ਼ਿਲਕਾ : ਜ਼ਿਲ੍ਹੇ ਵਿੱਚ ਇੱਕ ਸਰਕਾਰੀ ਅਧਿਆਪਕ (Government teacher) ਨੂੰ ਜ਼ਿੰਦਾ ਸਾੜਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ ਪਤਨੀ ਨੂੰ ਸਹੁਰੇ ਘਰ ਲੈਣ ਗਏ ਸਰਕਾਰੀ ਅਧਿਆਪਕ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਦੇ ਸਹੁਰੇ ਪਰਿਵਾਰ ਦੇ 5 ਵਿਅਕਤੀਆਂ ਖ਼ਿਲਾਫ਼ ਨਵੇਂ ਕਾਨੂੰਨ ਬੀ.ਐਸ.ਐਨ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਕਤ ਕਾਰਵਾਈ ਜ਼ਖਮੀ ਅਧਿਆਪਕ ਵਿਸ਼ਵਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਹੈ।
ਡੀ.ਐਸ.ਪੀ ਸ਼ੁਭਾਗ ਸਿੰਘ ਨੇ ਦੱਸਿਆ ਕਿ ਅਧਿਆਪਕ ਵਿਸ਼ਵਦੀਪ ਸਿੰਘ ਨੂੰ ਜ਼ਿੰਦਾ ਸਾੜਨ ਦੀ ਸੂਚਨਾ ਮਿਲਦਿਆਂ ਹੀ ਥਾਣਾ ਖੂਈਖੇੜਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਿਆਨ ਦਰਜ ਕਰਕੇ ਸਹੁਰੇ ਪੱਖ ਦੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਜ਼ਖਮੀ ਅਧਿਆਪਕ 90 ਫੀਸਦੀ ਝੁਲਸ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ ਕਿ ਅੱਗ ਉਸ ਨੇ ਖੁਦ ਲਗਾਈ ਸੀ ਜਾਂ ਫਿਰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਦੱਸ ਦਈਏ ਕਿ ਬੀਤੇ ਦਿਨ ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ‘ਚ ਸਰਕਾਰੀ ਅਧਿਆਪਕ ਵਿਸ਼ਵਦੀਪ ਮਾਇਕ ਆਪਣੀ ਨਾਰਾਜ਼ ਪਤਨੀ ਨੂੰ ਮਨਾਉਣ ਲਈ ਆਪਣੇ ਸਹੁਰੇ ਘਰ ਗਿਆ ਸੀ। ਉਸ ਦੀ ਪਤਨੀ ਵੀ ਅਧਿਆਪਕ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਵਿਸ਼ਵਦੀਪ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਸ ਦਾ ਆਪਣੇ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਝਗੜਾ ਸੁਲਝਾਉਣ ਲਈ ਉਸ ਨੇ ਆਪਣੀ ਭੈਣ ਅਤੇ ਜੀਜਾ ਨੂੰ ਬਾਹਰੋਂ ਬੁਲਾਇਆ ਸੀ।