ਸਮਰਾਲਾ : ਨੈਸ਼ਨਲ ਹਾਈਵੇਅ ’ਤੇ ਮਾਲਵਾ ਕਾਲਜ ਬੌਂਦਲੀ ਨੇੜੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਦੋਵੇਂ ਲੜਕੀਆਂ ਕਿਸੇ ਅਣਪਛਾਤੇ ਨੌਜਵਾਨ ਦੇ ਮੋਟਰਸਾਈਕਲ ’ਤੇ ਚੰਡੀਗੜ੍ਹ ਤੋਂ ਸਮਰਾਲਾ ਵੱਲ ਆ ਰਹੀਆਂ ਸਨ। ਮੌਕੇ ਤੋਂ ਪਤਾ ਲੱਗਾ ਕਿ ਟਾਇਰ ਫਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਫਲਾਈਓਵਰ ‘ਤੇ ਲੱਗੀ ਰੇਲਿੰਗ ਨਾਲ ਜਾ ਟਕਰਾਇਆ। ਮੋਟਰਸਾਈਕਲ ਦੇ ਪਿੱਛੇ ਬੈਠੀਆਂ ਦੋਵੇਂ ਲੜਕੀਆਂ ਪੁਲ ਤੋਂ ਡਿੱਗ ਗਈਆਂ।
ਮੋਟਰਸਾਈਕਲ ਚਾਲਕ ਅੰਕਿਤ (36) ਪੁਲ ਤੋਂ ਹੇਠਾਂ ਲਟਕ ਗਿਆ। ਹਾਦਸੇ ਵਿੱਚ ਸਪਨਾ (17) ਅਤੇ ਸਕੁੰਤਲਾ (22) ਦੀ ਮੌਤ ਹੋ ਗਈ। ਦੋਵੇਂ ਲੁਧਿਆਣਾ ਦੇ ਗੋਬਿੰਦਪੁਰ ਨੇੜੇ ਢੰਡਾਰੀ ਕਲਾ ਦੇ ਰਹਿਣ ਵਾਲਿਆਂ ਸਨ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ ਅਤੇ ਉਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਲੜਕੀਆਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਹੈ।
ਸਮਰਾਲਾ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੀ 17 ਸਾਲਾ ਸਪਨਾ ਇੱਕ ਸ਼ਾਨਦਾਰ ਮਾਰਸ਼ਲ ਆਰਟ ਖਿਡਾਰਨ ਸੀ, ਜੋ ਕਿ ਰਾਸ਼ਟਰੀ ਪੱਧਰ ‘ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੀ ਸੀ। ਉਸ ਦੇ ਕੋਚ ਸੰਦੀਪ ਨੇ ਕਿਹਾ ਕਿ ਸਪਨਾ ਦਾ ਇਸ ਤਰ੍ਹਾਂ ਜਾਣਾ ਖੇਡ ਜਗਤ ਲਈ ਵੱਡਾ ਘਾਟਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਜ ਪੱਧਰੀ ਗੋਲਡ ਮੈਡਲ ਜੇਤੂ ਸੀ ਅਤੇ ਹੁਣ ਉਹ ਗਰੀਬ ਲੜਕੀਆਂ ਨੂੰ ਮਾਰਸ਼ਲ ਆਰਟ ਦੀ ਮੁਫਤ ਸਿਖਲਾਈ ਦਿੰਦੀ ਸੀ।