ਲੁਧਿਆਣਾ : ਸਮਰਾਲਾ (Samrala) ਤੋਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਨੀਲੋ ਪੁਲ ਨੂੰ ਜਾਂਦੀ ਸੜਕ ‘ਤੇ ਪਿੰਡ ਪਾਲ ਮਾਜਰਾ ਨੇੜੇ ਖੰਨਾ ਪੁਲਿਸ ਦੇ ਬਦਮਾਸ਼ਾਂ ਨਾਲ ਹੋਏ ਮੁਕਾਬਲੇ ‘ਚ ਕ੍ਰਿਸ਼ਨ ਸਾਹਨੀ ਨਾਂਅ ਦਾ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਦੂਜੇ ਸਾਥੀ ਜਤਿਨ ਮੰਗਾ ਨੂੰ ਪੁਲਿਸ ਨੇ ਕਾਬੂ ਕਰ ਲਿਆ। ਗੈਂਗਸਟਰਾਂ ਨਾਲ ਹੋਏ ਮੁਕਾਬਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਏ.ਐਸ ਕਾਲਜ ਖੰਨਾ ਵਿਖੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ ਅਤੇ ਫਿਰ ਇਨ੍ਹਾਂ ਬਦਮਾਸ਼ਾਂ ਨੇ ਪੈਟਰੋਲ ਪੰਪ ਨੂੰ ਲੁੱਟ ਲਿਆ ਸੀ।
ਪੁਲਿਸ ਨੇ ਇਸ ਗਰੋਹ ਦੇ ਇੱਕ ਵਿਅਕਤੀ ਅਜੈ ਰਾਠੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਇਨ੍ਹਾਂ ਬਦਮਾਸ਼ਾਂ ਨੂੰ ਫੜਨ ਲਈ ਸੀ.ਆਈ.ਏ ਸਟਾਫ ਖੰਨਾ ਦੀ ਟੀਮ ਨੇ ਸਰਹਿੰਦ ਨਹਿਰ ਦੇ ਕੰਢੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ, ਪਰ ਦੋਵੇਂ ਮੋਟਰਸਾਈਕਲ ਸੜਕ ਕਿਨਾਰੇ ਛੱਡ ਕੇ ਨਹਿਰ ਨੇੜੇ ਜੰਗਲੀ ਖੇਤਰ ਵਿੱਚ ਭੱਜ ਗਏ। ਜਦੋਂ ਪੁਲਿਸ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਇੱਕ ਗੋਲੀ ਪੁਲਿਸ ਦੀ ਸਰਕਾਰੀ ਗੱਡੀ ਨੂੰ ਲੱਗੀ।
ਐਸ.ਐਸ.ਪੀ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇਨ੍ਹਾਂ ਗੈਂਗਸਟਰਾਂ ’ਤੇ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਗੋਲੀ ਕ੍ਰਿਸ਼ਨਾ ਸਾਹਨੀ ਦੀ ਲੱਤ ਵਿੱਚ ਲੱਗੀ ਅਤੇ ਉਹ ਹੇਠਾਂ ਡਿੱਗ ਪਿਆ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਦੋਵਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਦੀ ਪਛਾਣ ਕ੍ਰਿਸ਼ਨ ਸਾਹਨੀ ਅਤੇ ਜਤਿਨ ਮੌੰਗਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਜ਼ਖਮੀ ਕ੍ਰਿਸ਼ਨਾ ਸਾਹਨੀ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਦਕਿ ਜਤਿਨ ਮੌੰਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਕੋਲੋਂ ਦੋ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਏ ਹਨ।
ਐਸ.ਐਸ.ਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰ ਕ੍ਰਿਸ਼ਨਾ ਸਾਹਨੀ ਖ਼ਿਲਾਫ਼ 6 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ਾ ਤਸਕਰੀ ਅਤੇ ਕਾਤਲਾਨਾ ਹਮਲੇ ਸ਼ਾਮਲ ਹਨ। ਦੂਜੇ ਗ੍ਰਿਫ਼ਤਾਰ ਗੈਂਗਸਟਰ ਜਤਿਨ ਮੌੰਗਾ ‘ਤੇ ਨਸ਼ਾ ਤਸਕਰੀ, ਲੁੱਟ-ਖੋਹ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧਾਂ ਦੇ 4 ਕੇਸ ਦਰਜ ਹਨ। ਦੋਵਾਂ ਦਾ ਪਿਛੋਕੜ ਅਪਰਾਧਿਕ ਹੈ। ਇਹ ਦੋਵੇਂ ਏ.ਐਸ. ਖੰਨਾ ਕਾਲਜ ‘ਚ ਗੋਲੀ ਕਾਂਡ ਦਾ ਮੁੱਖ ਦੋਸ਼ੀ ਸੀ ਅਤੇ ਉੱਥੇ ਇਕ ਗੁੱਟ ਦੇ ਲੜਕਿਆਂ ਵਿਚਾਲੇ ਬਹਿਸ ਹੋ ਗਈ ਅਤੇ ਗੋਲੀਬਾਰੀ ਹੋ ਗਈ।