ਜੰਮੂ: ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ (The Assembly Elections) ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ ਦੇ ਭਰਾ ਵਿਨੋਦ ਭੱਲਾ (Vinod Bhalla) ਆਪਣੇ ਸਮਰਥਕਾਂ ਸਮੇਤ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਪਾਰਟੀ ਵਿੱਚ ਨਵੇਂ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਬਚਾਉਣ ਲਈ ਭਾਜਪਾ ਲਈ ਜਿੱਤਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ 20 ਸਤੰਬਰ ਨੂੰ ਜੰਮੂ ਫੇਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਇੱਕ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਲਈ ਚੋਣਾਂ ਸਿਰਫ਼ ਵਿਧਾਇਕਾਂ ਨੂੰ ਚੁਣਨ ਤੱਕ ਸੀਮਤ ਨਹੀਂ ਹਨ। ਜੰਮੂ-ਕਸ਼ਮੀਰ ਦੇ ਭਵਿੱਖ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਸੁਰੱਖਿਆ ਲਈ ਭਾਜਪਾ ਦੀ ਜਿੱਤ ਜ਼ਰੂਰੀ ਹੈ।

ਨਵੇਂ ਵਰਕਰਾਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਰੈਡੀ ਨੇ ਕਿਹਾ ਕਿ ਸੂਬੇ ‘ਚ ਮੋਦੀ ਸਰਕਾਰ ਦੇ 10 ਸਾਲਾਂ ‘ਚ ਕਾਫੀ ਬਦਲਾਅ ਆਇਆ ਹੈ। ਬੁਨਿਆਦੀ ਢਾਂਚਾ ਸਿਰਜਣ ਤੋਂ ਲੈ ਕੇ, ਜਨ ਕਲਿਆਣ ਯੋਜਨਾਵਾਂ , ਸ਼ਾਂਤੀ ਸੁਰੱਖਿਆ ਤੱਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਾਂਤੀਕਾਰੀ ਅਤੇ ਸਾਹਸੀ ਕਦਮ ਚੁੱਕੇ ਹਨ। ਇਨ੍ਹਾਂ ਕਾਰਨਾਂ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਸਭ ਦੀ ਚਹੇਤੀ ਪਾਰਟੀ ਬਣ ਗਈ ਹੈ, ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਪਹਿਲੇ ਪੜਾਅ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੂਜੇ ਅਤੇ ਤੀਜੇ ਪੜਾਅ ਵਿੱਚ ਚੋਣ ਪ੍ਰਚਾਰ ਕਰਨ ਲਈ 20 ਸਤੰਬਰ ਨੂੰ ਜੰਮੂ ਆ ਰਹੇ ਹਨ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦੌਰੇ ਵੀ ਹੋਣਗੇ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਰਮਨ ਭੱਲਾ ਦੇ ਭਰਾ ਵਿਨੋਦ ਭੱਲਾ, ਸਾਬਕਾ ਬਲਾਕ ਵਿਕਾਸ ਕੌਂਸਲ ਪ੍ਰਧਾਨ ਦਿਲੀਪ ਕੁਮਾਰ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਾਜਪਾ ’ਚ ਸਵਾਗਤ ਕੀਤਾ।

Leave a Reply