ਟਾਂਡਾ ਉੜਮੁੜ : ਟਾਂਡਾ ਪੁਲਿਸ (Tanda police)ਨੇ ਇਲਾਕੇ ਦੇ ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਥਾਣਾ ਮੁਖੀ ਟਾਂਡਾ ਦੇ ਐਸ.ਆਈ ਰਮਨ ਕੁਮਾਰ ਨੇ ਦੱਸਿਆ ਕਿ ਸੁਖਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਹਿਬਾਜਪੁਰ ਦੇ ਬਿਆਨਾਂ ਦੇ ਆਧਾਰ ‘ਤੇ ਸੁਨੀਲ ਪੁੱਤਰ ਨਿਰਮਲ ਸਿੰਘ ਵਾਸੀ ਜੱਕੋਪੁਰ (ਸ਼ਾਹਕੋਟ), ਜਲੰਧਰ ਦੇ ਖ਼ਿਲਾਫ਼ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ਵਿੱਚ ਸੁਖਵੀਰ ਸਿੰਘ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਉਸ ਦੇ ਲੜਕੇ ਗਗਨਵੀਰ ਸਿੰਘ ਨੂੰ ਅਮਰੀਕਾ ਦਾ ਵਰਕ ਪਰਮਿਟ ਵੀਜ਼ਾ ਦਿਵਾਉਣ ਦੇ ਬਹਾਨੇ 9 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਦੂਜਾ ਮਾਮਲਾ ਅਵਤਾਰ ਸਿੰਘ ਪੁੱਤਰ ਬਤਨ ਸਿੰਘ ਵਾਸੀ ਲੋਧੀਚੱਕ, ਬਲਬੀਰ ਸਿੰਘ ਪੁੱਤਰ ਲਾਲ ਚੰਦ ਵਾਸੀ ਪਠਾਨਕੋਟ ਬਾਈਪਾਸ ਜਲੰਧਰ ਹਾਲ ਵਾਸੀ ਰਵਿਦਾਸਪੁਰਾ ਜਲੰਧਰ ਅਤੇ ਵਿਵੇਕ ਬੱਧਣ ਪੁੱਤਰ ਰਾਮ ਲੁਭਾਇਆ ਵਾਸੀ ਮੁਹੱਲਾ ਸੰਤੋਖਪੁਰਾ ਜਲੰਧਰ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਆਪਣੇ ਬਿਆਨ ਵਿੱਚ ਅਵਤਾਰ ਸਿੰਘ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਉਸ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਸਪੇਨ ਭੇਜਣ ਦੇ ਬਹਾਨੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਪੁਲਿਸ ਕਾਂਸਟੇਬਲ ਗੁਰਮੀਤ ਸਿੰਘ ਅਤੇ ਅਮਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।