ਵਾਹਿਗੁਰੂ ਦਾ ਸ਼ੁਕਰਾਨਾ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੀ ਅਦਾਕਾਰਾ ਸਰਗੁਣ ਮਹਿਤਾ
By admin / March 23, 2024 / No Comments / Punjabi News
ਅੰਮ੍ਰਿਤਸਰ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ (Punjabi Actress Sargun Mehta) ਫਿਲਮ ‘ਜੱਟ ਨੂੰ ਚੁੜੇਲ ਟੱਕਰੀ’ (Jatt Nu Chudel Takkri) ਦੀ ਸਫ਼ਲਤਾ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚੀ। ਇਸ ਦੌਰਾਨ ਸਰਗੁਣ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਆਨੰਦ ਮਾਣਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਗੁਣ ਮਹਿਤਾ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਸਾਡੇ ਵੱਲੋਂ ਬਣਾਈ ਗਈ ਫਿਲਮ ‘ਜੱਟ ਨੂ ਚੁੜੇਲ ਟੱਕਰੀ’ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ।
ਸਰਗੁਣ ਨੇ ਕਿਹਾ ਕਿ ਸਾਡੀ ਫਿਲਮ ਸੁਪਰ ਡੁਪਰ ਹਿੱਟ ਹੋਣ ਵਾਲੀ ਹੈ, ਜਿਸ ਦੀ ਸਫ਼ਲਤਾ ਲਈ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੀ ਹਾਂ। ਤੁਹਾਨੂੰ ਦੱਸ ਦੇਈਏ ਕਿ ਸਰਗੁਣ ਦੀ ਫਿਲਮ ਜੱਟ ਨੂੰ ਚੁੜੇਲ ਟੱਕਰੀ’ ਰਿਲੀਜ਼ ਹੋ ਚੁੱਕੀ ਹੈ ਅਤੇ ਸਫ਼ਲਤਾ ਦੇ ਰਿਕਾਰਡ ਤੋੜ ਰਹੀ ਹੈ। ਹੁਣ ਤੱਕ ਇਹ ਫਿਲਮ ਕਰੋੜਾਂ ਰੁਪਏ ਕਮਾ ਚੁੱਕੀ ਹੈ।
ਸਰਗੁਣ ਮਹਿਤਾ ਨੇ 2015 ਵਿੱਚ ਟੀਵੀ ਤੋਂ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਿਆ। ਉਨ੍ਹਾਂ ਦੀ ਪਹਿਲੀ ਫਿਲਮ ‘ਅੰਗ੍ਰੇਜ਼’ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਅਮਰਿੰਦਰ ਗਿੱਲ ਅਤੇ ਬੀਨੂੰ ਢਿੱਲੋਂ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ। ਸਰਗੁਣ ਮਹਿਤਾ ਨੇ ਆਪਣੀ ਪਹਿਲੀ ਹੀ ਫਿਲਮ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਸਰਗੁਣ ਨੂੰ ਇਸ ਫਿਲਮ ਲਈ ਸਰਵੋਤਮ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ। ਆਪਣੀ ਪਹਿਲੀ ਹੀ ਫਿਲਮ ਨਾਲ ਸਰਗੁਣ ਪੰਜਾਬ ਦੀ ਸਟਾਰ ਬਣ ਗਈ ਸੀ।
ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ‘ਲਵ ਪੰਜਾਬ’, ‘ਜਿੰਦੂਆ’ ਅਤੇ ‘ਲਹੌਰੀਆ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਸਾਲ 2018 ‘ਚ ਸਰਗੁਣ ਮਹਿਤਾ ਐਮੀ ਵਿਰਕ ਨਾਲ ਫਿਲਮ ‘ਕਿਸਮਤ’ ‘ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਪੰਜਾਬੀ ਸਿਨੇਮਾ ਦੀ ਕਲਟ ਕਲਾਸਿਕ ਫਿਲਮ ਮੰਨਿਆ ਜਾਂਦਾ ਹੈ। ਇਹ ਫਿਲਮ ਕਾਫੀ ਹਿੱਟ ਰਹੀ ਹੈ। ਇਸ ਫਿਲਮ ਲਈ ਸਰਗੁਣ ਮਹਿਤਾ ਨੇ ਫਿਰ ਤੋਂ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ।