ਤਰਨਤਾਰਨ : ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲੇ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ ਵਿੱਚ ਸਰਕਾਰੀ ਹਥਿਆਰ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਸਬੰਧਤ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਇਲਿਆਮ ਕੁਲਬੀਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੜ੍ਹੀ ਮੰਡੀ ਜ਼ਿਲ੍ਹਾ ਅੰਮਿ੍ਤਸਰ ਜੋ ਕਿ ਪੁਲਿਸ ਲਾਈਨ ਤਰਨਤਾਰਨ ‘ਚ ਬਤੌਰ ਲੋਕਲ ਰੈਂਕ ਦੇ ਏ.ਐਸ.ਆਈ ਤਾਇਨਾਤ ਸਨ ਅਤੇ ਵਿਧਾਨ ਸਭਾ ਹਲਕੇ ‘ਚ ਚੋਣ ਅਮਲੇ ਨਾਲ ਡਿਊਟੀ ‘ਤੇ ਲੱਗੇ ਹੋਏ ਸਨ। ਬੀਤੀ ਸ਼ਾਮ ਜਦੋਂ ਇੱਕ ਨਿੱਜੀ ਕਾਲਜ ਵਿੱਚ ਚੋਣ ਅਮਲੇ ਨੂੰ ਈ.ਵੀ.ਐਮ ਮਸ਼ੀਨਾਂ ਅਤੇ ਹੋਰ ਸਮੱਗਰੀ ਦਿੱਤੀ ਜਾ ਰਹੀ ਸੀ ਤਾਂ ਸਬੰਧਤ ਮੁਲਾਜ਼ਮ ਨੂੰ ਪਾਰਟੀ ਸਮੇਤ ਸੁਰੱਖਿਆ ਡਿਊਟੀ ਲਗਾ ਦਿੱਤੀ ਗਈ। ਜਦੋਂ ਚੋਣ ਅਮਲੇ ਨੇ ਉਕਤ ਮੁਲਾਜ਼ਮ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਇੱਕ ਨਿੱਜੀ ਕਾਲਜ ਦੇ ਕੋਲ ਇੱਕ ਹਵੇਲੀ ਵਿੱਚੋਂ ਬਰਾਮਦ ਹੋਈ।

ਪੁਲਿਸ ਮੁਲਾਜ਼ਮ, ਜਿਸ ਕੋਲ ਆਪਣਾ ਸਰਕਾਰੀ ਹਥਿਆਰ ਵੀ ਸੀ, ਸਿਰ ਵਿੱਚ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਦਮ ਤੋੜ ਗਿਆ। ਸੂਤਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਦੀ ਮੌਤ ਅਚਾਨਕ ਹੋਈ ਹੈ, ਇਸ ਸਬੰਧ ‘ਚ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply