ਕੈਥਲ : ਲੋਕ ਸਭਾ ਚੋਣਾਂ (Lok Sabha elections) ਦੇ ਮੱਦੇਨਜ਼ਰ ਕੈਥਲ ਜ਼ਿਲੇ ‘ਚ ਅੱਜ ਸ਼ਾਮ 6 ਵਜੇ ਤੋਂ 25 ਮਈ ਨੂੰ ਸ਼ਾਮ 6 ਵਜੇ ਤੱਕ ਡਰਾਈ ਡੇਅ ਐਲਾਨਿਆ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਬਾਰ ਅਤੇ ਕਲੱਬ ਵੀ ਬੰਦ ਰਹਿਣਗੇ।

ਆਬਕਾਰੀ ਵਿਭਾਗ ਦੇ ਡੀ.ਟੀ.ਸੀ ਵਿਪਿਨ ਬੈਨੀਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 48 ਘੰਟਿਆਂ ਲਈ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ, ਜੋ ਸ਼ਾਮ 6 ਵਜੇ ਤੋਂ ਲਾਗੂ ਹੋ ਜਾਵੇਗਾ। ਇਸ ਦੌਰਾਨ ਜੇਕਰ ਕੋਈ ਵੀ ਸ਼ਰਾਬ ਵੇਚਦਾ ਪਾਇਆ ਗਿਆ ਤਾਂ ਵਿਭਾਗ ਵੱਲੋਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਜੁਰਮਾਨੇ ਸਮੇਤ 7 ਦਿਨਾਂ ਲਈ ਠੇਕਾ ਸੀਲ ਕਰਨ ਦੀ ਵਿਵਸਥਾ ਹੈ। ਬੈਨੀਵਾਲ ਨੇ ਦੱਸਿਆ ਕਿ ਡਰਾਈ ਡੇਅ ਦੌਰਾਨ ਸ਼ਰਾਬ ਦੀ ਵਿਕਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀਆਂ ਦੋ ਟੀਮਾਂ ਫੀਲਡ ਵਿੱਚ ਭੇਜੀਆਂ ਗਈਆਂ ਹਨ ਅਤੇ ਅੱਜ ਸ਼ਾਮ ਤੋਂ ਹੀ ਫੀਲਡ ਵਿੱਚ ਹੋਣਗੀਆਂ। ਉਨ੍ਹਾਂ ਕਿਹਾ ਕਿ ਡਰਾਈ ਡੇਅ ਦੌਰਾਨ ਆਮ ਲੋਕਾਂ ਨੂੰ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਵਿਪਨ ਬੈਨੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਡਰਾਈ ਡੇਅ ਦੌਰਾਨ ਕਿਤੇ ਵੀ ਸ਼ਰਾਬ ਵੇਚੀ ਜਾ ਰਹੀ ਹੈ ਤਾਂ ਉਹ ਇਸ ਸਬੰਧੀ ਪੂਰੀ ਜਾਣਕਾਰੀ ਸਬੰਧਤ ਪੁਲਿਸ ਵਿਭਾਗ ਨੂੰ ਦੇਣ, ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Leave a Reply