November 15, 2024

ਲੁਧਿਆਣਾ ਸੀਟ ਨੂੰ ਲੈ ਕੇ ਅਟਕਿਆ ਅਕਾਲੀ-ਭਾਜਪਾ ਗਠਜੋੜ

ਲੁਧਿਆਣਾ : ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰਾਂ ਦੇ ਐਲਾਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ‘ਚ ਉਨ੍ਹਾਂ ਦਾ ਕਾਂਗਰਸ ਨਾਲ ਗਠਜੋੜ ਨਹੀਂ ਹੋਵੇਗਾ ਪਰ ਅਕਾਲੀ ਦਲ ‘ਤੇ ਭਾਜਪਾ ਦੇ ਗਠਜੋੜ ਵਿੱਚ ਲੁਧਿਆਣਾ ਦੀ ਸੀਟ ਨੂੰ ਲੈ ਕੇ ਦਿੱਕਤ ਆ ਗਈ ਹੈ ਅਤੇ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਇੱਕ ਵਾਰ ਫਿਰ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਪਰ ਕਿਸਾਨ ਅੰਦੋਲਨ ਕਾਰਨ ਇਸ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ।

ਹਾਲਾਂਕਿ ਚੋਣਾਂ ਦੇ ਐਲਾਨ ‘ਚ ਬਹੁਤ ਘੱਟ ਸਮਾਂ ਬਚਿਆ ਹੈ, ਜਿਸ ਦੇ ਮੱਦੇਨਜ਼ਰ ਕਿਸੇ ਵੀ ਸਮੇਂ ਗਠਜੋੜ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ, ਜਿੱਥੋਂ ਤੱਕ ਹੁਣ ਤੱਕ ਹੋਈ ਦੇਰੀ ਦਾ ਸਵਾਲ ਹੈ, ਇਸ ‘ਚ ਸੀਟਾਂ ਦੀ ਵੰਡ ਦਾ ਪਹਿਲੂ ਵੀ ਅਹਿਮ ਰਿਹਾ ਹੈ, ਜਿਸ ‘ਚ  ਲੁਧਿਆਣਾ ਸੀਟ ਮੁੱਖ ਤੌਰ ‘ਤੇ ਸ਼ਾਮਲ ਹੈ। ਇਹ ਸੀਟ ਹੁਣ ਤੱਕ ਅਕਾਲੀ ਦਲ ਦੇ ਹਿੱਸੇ ਆਉਂਦੀ ਰਹੀ ਹੈ ਅਤੇ ਇੱਥੋਂ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਪਰ ਇਸ ਵਾਰ ਭਾਜਪਾ ਇਸ ਸੀਟ ‘ਤੇ ਦਾਅਵਾ ਕਰ ਰਹੀ ਹੈ, ਜਿਸ ਲਈ 6 ਸ਼ਹਿਰੀ ਸੀਟਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦੌਰਾਨ ਮਿਲੀਆਂ ਵੋਟਾਂ ਨੂੰ ਅਧਾਰ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਚੱਲ ਰਹੀ ਹੈ, ਜਿਸ ਬਾਰੇ ਦਿੱਲੀ ਵਿਚ ਸਿਖਰਲੇ ਆਗੂਆਂ ਦੀ ਮੀਟਿੰਗ ਦੌਰਾਨ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।

ਦੁੱਗਣਾ ਹੋ ਜਾਵੇਗਾ ਭਾਜਪਾ ਦਾ ਹਿੱਸਾ

ਜਦੋਂ ਅਕਾਲੀ ਦਲ ਅਤੇ ਭਾਜਪਾ ਪਹਿਲਾਂ ਚੋਣਾਂ ਲੜਦੇ ਸਨ ਤਾਂ ਭਾਜਪਾ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ ਸੀਟਾਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਨਵੇਂ ਸਮਝੌਤੇ ਵਿੱਚ ਭਾਜਪਾ ਦਾ ਹਿੱਸਾ ਦੁੱਗਣਾ ਹੋ ਸਕਦਾ ਹੈ। ਜਿਸ ਵਿੱਚ ਭਾਜਪਾ ਨੇ ਲੁਧਿਆਣਾ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਲਈ ਪਟਿਆਲਾ ਸੀਟ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਲੋਕ ਸਭਾ ਉਪ ਚੋਣ ਦੇ ਨਤੀਜਿਆਂ ਦੇ ਮੱਦੇਨਜ਼ਰ ਜਲੰਧਰ ਸੀਟ ‘ਤੇ ਵੀ ਭਾਜਪਾ ਨੇ ਆਪਣਾ ਹੱਕ ਜਤਾਇਆ ਹੈ। ਜਿੱਥੇ ਇੱਕ ਵਾਰ ਫਿਰ ਇੰਦਰ ਇਕਬਾਲ ਅਟਵਾਲ ਜਾਂ ਦਿੱਲੀ ਤੋਂ ਵਾਪਸ ਲਿਆ ਹੰਸ ਰਾਜ ਹੰਸ ‘ਤੇ ਦਾਅ ਲਗਾਇਆ ਜਾ ਸਕਦਾ ਹੈ ।

ਪਟਿਆਲਾ ਤੋਂ ਪ੍ਰਨੀਤ ਕੌਰ ਹੀ ਲੜਨਗੇ ਲੋਕ ਸਭਾ ਚੋਣ, ਬੇਟੀ ਨੇ ਵਿਧਾਨ ਸਭਾ ਚੋਣਾਂ ਤੋਂ ਆਪਣੀ ਪਾਰੀ ਸ਼ੁਰੂ ਕਰਨ ਦੇ ਦਿੱਤੇ ਸੰਕੇਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾਉਣ ਸਮੇਂ ਪ੍ਰਨੀਤ ਕੋਰ ਵੱਲੋਂ ਕਾਂਗਰਸ ਨਾ ਛੱਡਣ ਅਤੇ ਫਿਰ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਇਹ ਕਿਆਸ ਲਾਏ ਜਾ ਰਹੇ ਸਨ ਕਿ ਇਸ ਵਾਰ ਉਨ੍ਹਾਂ ਦੀ ਥਾਂ ਉਨ੍ਹਾਂ ਦੀ ਬੇਟੀ ਜੈ ਇੰਦਰ ਕੋਰ ਲੋਕ ਸਭਾ ਚੋਣ ਲੜੇਗੀ ਪਰ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇੱਕ ਵਾਰ ਫਿਰ ਤੋਂ ਪ੍ਰਨੀਤ ਕੋਰ ਲੋਕ ਸਭਾ ਚੋਣ ਲੜਨਗੇ, ਜਿਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਿੱਥੋਂ ਤੱਕ ਜੈ ਇੰਦਰ ਕੋਰ ਦਾ ਸਵਾਲ ਹੈ, ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਤੋਂ ਆਪਣੀ ਪਾਰੀ ਸ਼ੁਰੂ ਕਰਨਗੇ।

By admin

Related Post

Leave a Reply