ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੀ ਹੋਈ ਅਹਿਮ ਮੀਟਿੰਗ, ਇਹ ਨੇਤਾ ਹੋ ਸਕਦੇ ਭਾਜਪਾ ‘ਚ ਸ਼ਾਮਲ
By admin / April 8, 2024 / No Comments / Punjabi News
ਲੁਧਿਆਣਾ : ਲੋਕ ਸਭਾ ਚੋਣਾਂ (Lok Sabha elections) ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਦਲ-ਬਦਲੀ ਵੀ ਜਾਰੀ ਹੈ। ਚੋਣਾਂ ਦੇ ਚਲਦਿਆਂ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਬੰਦ ਕਮਰਾ ਮੀਟਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਜ਼ਿਲ੍ਹੇ ‘ਚੋਂ ਉਮੀਦਵਾਰ ਖੜ੍ਹੇ ਕਰਨ ਦੀ ਕੋਈ ਕਾਹਲੀ ‘ਚ ਨਹੀਂ ਹੈ।
ਚਰਚਾ ਚੱਲ ਰਹੀ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਮੁਕਾਬਲੇ ਵਿੱਚ ਕਾਂਗਰਸ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ‘ਚ ਸਿੱਖ ਚਿਹਰਾ ਹੋਣ ਕਾਰਨ ਕਾਂਗਰਸ ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ‘ਚ ਸ਼ਾਮਲ ਕਰਨ ਜਾ ਰਹੀ ਹੈ। ਵਰਨਣਯੋਗ ਹੈ ਕਿ ਬੀਤੇ ਦਿਨ ਕਾਂਗਰਸ ਪਾਰਟੀ ਦੀ ਲੁਧਿਆਣਾ ਵਿਖੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦਿਆ ਦੇ ਘਰ ਬੰਦ ਕਮਰਾ ਮੀਟਿੰਗ ਹੋਈ ਸੀ। ਇਸ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦਿਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ, ਈਸ਼ਵਰਜੋਤ ਸਿੰਘ ਚੀਮਾ ਨੇ ਸ਼ਮੂਲੀਅਤ ਕੀਤੀ।
ਕੁਲਦੀਪ ਸਿੰਘ ਵੈਦਿਆ ਨੇ ਫੇਸਬੁੱਕ ‘ਤੇ ਪੋਸਟ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਚਰਚਾ ਚੱਲ ਰਹੀ ਹੈ ਪਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਪਾਰਟੀ ਆਗੂ ਬੈਂਸ ‘ਤੇ ਭਰੋਸਾ ਪ੍ਰਗਟਾ ਰਹੇ ਹਨ, ਜਦਕਿ ਜ਼ਿਲ੍ਹੇ ‘ਚ ਤਲਵਾੜ ਦੀ ਕਾਂਗਰਸ ‘ਚ ਚੰਗੀ ਸਥਿਤੀ ਹੋਣ ਕਾਰਨ ਉਨ੍ਹਾਂ ਵੱਲੋਂ ਪਾਰਟੀ ਨੂੰ ਭਰੋਸੇ ‘ਚ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਸੰਜੇ ਤਲਵਾੜ ਨੇ ਕਿਹਾ ਕਿ ਇਹ ਮੀਟਿੰਗ ਕਿਸੇ ਸਿਆਸੀ ਮੁੱਦੇ ‘ਤੇ ਨਹੀਂ ਰੱਖੀ ਗਈ ਸੀ ਸਗੋਂ ਸਾਰੇ ਇਕੱਠੇ ਬੈਠ ਕੇ ਚਾਹ-ਨਾਸ਼ਤਾ ਕਰ ਰਹੇ ਸਨ। ਬਾਕੀ ਸੀਟ ਦਾ ਮਾਮਲਾ ਹਾਈਕਮਾਂਡ ਦੇ ਹੱਥ ਹੈ।
ਇਸ ਦੌਰਾਨ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਦੇਣ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਬੈਂਸ ਲੁਧਿਆਣਾ ਦੀ ਚੋਣ ਪੰਜੇ ਦੇ ਚੋਣ ਨਿਸ਼ਾਨ ਦੀ ਬਜਾਏ ਲੈਟਰ ਬਾਕਸ ਚੋਣ ਨਿਸ਼ਾਨ ਤੋਂ ਲੜਨਾ ਚਾਹੁੰਦੇ ਹਨ। ਕਾਂਗਰਸ ਹਾਈਕਮਾਂਡ ਪੰਜਾ ਚੋਣ ਨਿਸ਼ਾਨ ’ਤੇ ਹੀ ਚੋਣ ਲੜਨ ਦੀ ਇੱਛੁਕ ਹੈ। ਬਾਕੀ ਫ਼ੈਸਲੇ ਹਾਈਕਮਾਂਡ ਦੇ ਹੱਥ ਵਿੱਚ ਹਨ।