ਲੁਧਿਆਣਾ : ਮਹਾਨਗਰ ‘ਚ ਚੱਲਦੇ ਸਕੂਟਰੀ ‘ਚ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਗਰਾਉਂ ਪੁਲ ਨੇੜੇ ਐਲੀਵੇਟਿਡ ਪੁਲ ’ਤੇ ਇੱਕ ਚੱਲਦੇ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਉਸ ਵਿੱਚ ਧਮਾਕਾ ਹੋ ਗਿਆ ਅਤੇ ਸਕੂਟਰ ਸਵਾਰ ਬੁਰੀ ਤਰ੍ਹਾਂ ਝੁਲਸ ਗਿਆ। ਇਸ ਦੌਰਾਨ ਨੇੜਿਓਂ ਲੰਘ ਰਹੇ ਇੱਕ ਵਾਹਨ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਵਿਅਕਤੀ ਦੀ ਪਛਾਣ ਗੋਬਿੰਦਪ੍ਰੀਤ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੋਬਿੰਦ ਸਲੇਮ ਟਾਬਰੀ ਸਥਿਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਉਸ ਨੇ ਪਹਿਲਾਂ ਦੁੱਗਰੀ ਨੇੜੇ ਪੈਟਰੋਲ ਪੰਪ ’ਤੇ ਪੈਟਰੋਲ ਭਰਿਆ ਅਤੇ ਜਦੋਂ ਉਹ ਜਗਰਾਉਂ ਪੁਲ ਨੇੜੇ ਐਲੀਵੇਟਿਡ ਪੁਲ ’ਤੇ ਪਹੁੰਚਿਆ ਤਾਂ ਸਕੂਟਰੀ ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ‘ਤੇ ਵਿਅਕਤੀ ਚੀਕਦਾ ਹੋਇਆ ਭੱਜਣ ਲੱਗਾ ਅਤੇ ਇਸ ਦੌਰਾਨ ਆਟੋ ਚਾਲਕ ਨੇ ਨੌਜਵਾਨ ‘ਤੇ ਪਾਣੀ ਪਾ ਕੇ ਅੱਗ ਬੁਝਾ ਦਿੱਤੀ। ਲੋਕਾਂ ਦੀ ਮਦਦ ਨਾਲ ਚਾਲਕ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਚਾਲਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਟਰੈਫਿਕ ਪੁਲਿਸ ਮੌਕੇ ’ਤੇ ਪੁੱਜੀ ਅਤੇ ਨੁਕਸਾਨੀ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।