ਇਸਲਾਮਾਬਾਦ : ਗੈਰ-ਇਸਲਾਮਿਕ ਵਿਆਹ ਦੇ ਮਾਮਲੇ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸਦੀ ਪਤਨੀ ਬੁਸ਼ਰਾ ਬੀਬੀ ਦੇ ਬਰੀ ਹੋਣ ਤੋਂ ਤੁਰੰਤ ਬਾਅਦ, ਪੁਲਿਸ ਨੇ ਇਮਰਾਨ ਖਾਨ ਨੂੰ ਪਿਛਲੇ ਸਾਲ 9 ਮਈ ਨੂੰ ਹੋਈ ਹਿੰਸਾ ਵਿੱਚ ਅੱਤਵਾਦ ਨਾਲ ਸਬੰਧਤ ਇੱਕ ਕੇਸ ਵਿੱਚ ਫਿਰ ਗ੍ਰਿਫ਼ਤਾਰ ਕਰ ਲਿਆ ਹੈ।

ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਇਮਰਾਨ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਸੀ। ਇਮਰਾਨ ਖਾਨ ਨੂੰ ਪਿਛਲੇ ਸਾਲ 9 ਮਈ ਨੂੰ ਹੋਏ ਦੰਗਿਆਂ ਨਾਲ ਸਬੰਧਤ ਤਿੰਨ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਇਮਰਾਨ ਖਾਨ ਨੂੰ ਜੇਲ੍ਹ ਤੋਂ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ। ਪੀ.ਟੀ.ਆਈ ਨੇ ਆਪਣੇ ਨੇਤਾ ਖਾਨ ਦੀ ਨਵੀਂ ਗ੍ਰਿਫ਼ਤਾਰੀ ਨੂੰ ‘ਉਸਦੀ ਗੈਰ-ਕਾਨੂੰਨੀ ਕੈਦ ਨੂੰ ਲੰਮਾ ਕਰਨ ਦੀ ਚਾਲ’ ਦੱਸਿਆ ਹੈ।

ਪ੍ਰਮੁੱਖ ਗੌਹਰ ਖਾਨ ਨੇ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਮਿਲੇਗਾ। ਦੱਸ ਦੇਈਏ ਕਿ ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਾਵਰ ਫਰੀਦ ਮੇਨਕਾ ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਸਲਾਮਾਬਾਦ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਮੇਨਕਾ ਨੇ ਇਲਜ਼ਾਮ ਲਗਾਇਆ ਸੀ ਕਿ ਇਮਰਾਨ ਖਾਨ ਨੇ ਬੁਸ਼ਰਾ ਬੀਬੀ ਨਾਲ ਆਪਣੀ ਇਦਤ ਦੇ ਸਮੇਂ ਦੌਰਾਨ ਵਿਆਹ ਕਰਵਾਇਆ ਸੀ।

ਇਸਲਾਮ ਵਿੱਚ, ਇੱਕ ਔਰਤ ਤਲਾਕ ਜਾਂ ਆਪਣੇ ਪਤੀ ਦੀ ਮੌਤ ਤੋਂ ਚਾਰ ਮਹੀਨਿਆਂ ਬਾਅਦ ਦੁਬਾਰਾ ਵਿਆਹ ਨਹੀਂ ਕਰ ਸਕਦੀ। ਇਸ ਮਾਮਲੇ ਵਿੱਚ ਸੁਣਾਈ ਗਈ ਸਜ਼ਾ ਖ਼ਿਲਾਫ਼ ਇਮਰਾਨ ਨੇ ਰਾਜਧਾਨੀ ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਅਪੀਲ ਕੀਤੀ ਸੀ। ਉੱਥੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਫਜ਼ਲ ਮਜੋਕਾ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਮਰਾਨ ਅਤੇ ਬੁਸ਼ਰਾ ਦੀ ਰਿਹਾਈ ਦੇ ਹੁਕਮ ਦਿੱਤੇ ਹਨ।

Leave a Reply