ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ (The National Capital) ‘ਚ ਮਾਨਸੂਨ ਦੇ ਆਉਣ ਨਾਲ ਬਾਰਿਸ਼ ਦਾ 88 ਸਾਲ ਦਾ ਰਿਕਾਰਡ ਟੁੱਟਣ ਦੇ ਇਕ ਦਿਨ ਬਾਅਦ ਅੱਜ ਸਵੇਰੇ ਦਿੱਲੀ ਦੇ ਕੁਝ ਹਿੱਸਿਆਂ ‘ਚ ਬਾਰਿਸ਼ ਹੋਈ। ਰੋਹਿਣੀ ਅਤੇ ਬੁਰਾੜੀ ਖੇਤਰਾਂ ਵਿੱਚ ਸਵੇਰੇ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (The Indian Meteorological Department),(ਆਈ.ਐਮ.ਡੀ.) ਨੇ ਦਿਨ ਵੇਲੇ ਬੱਦਲਵਾਈ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਆਈ.ਐਮ.ਡੀ. ਨੇ ਕਿਹਾ ਕਿ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸਪਾਸ ਪਹੁੰਚਣ ਦੀ ਸੰਭਾਵਨਾ ਹੈ। ਨਮੀ ਦਾ ਪੱਧਰ 80 ਫੀਸਦੀ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਸਵੇਰੇ 9 ਵਜੇ ਤੱਕ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ‘ਮੱਧਮ’ ਸ਼੍ਰੇਣੀ ਵਿੱਚ 108 ਦਰਜ ਕੀਤਾ ਗਿਆ। ਜ਼ੀਰੋ ਅਤੇ 50 ਦੇ ਵਿਚਕਾਰ ਹਵਾ ਗੁਣਵੱਤਾ ਸੂਚਕਾਂਕ ‘ਚੰਗਾ’ ਹੈ, 51 ਅਤੇ 100 ਦੇ ਵਿਚਕਾਰ ‘ਤਸੱਲੀਬਖਸ਼’ ਹੈ, 101 ਅਤੇ 200 ਦੇ ਵਿਚਕਾਰ ‘ਮੱਧਮ’ ਹੈ, 201 ਅਤੇ 300 ਦੇ ਵਿਚਕਾਰ ‘ਬਹੁਤ ਮਾੜਾ’ ਹੈ, 301 ਅਤੇ 400 ਦੇ ਵਿਚਕਾਰ ‘ਬਹੁਤ ਮਾੜਾ’ ਹੈ ਅਤੇ 500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।
ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ 4 ਲੋਕਾਂ ਦੀ ਹੋਈ ਮੌਤ
ਦਿੱਲੀ ‘ਚ ਮਾਨਸੂਨ ਦੇ ਪਹੁੰਚਣ ‘ਤੇ ਬੀਤੇ ਦਿਨ ਤਿੰਨ ਘੰਟੇ ਚੱਲੀ ਤੇਜ਼ ਬਾਰਿਸ਼ ਕਾਰਨ ਦਿੱਲੀ ਏਅਰਪੋਰਟ ਦੇ ਟਰਮੀਨਲ 1 ਦੀ ਛੱਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਫਲਾਈਟ ਆਪਰੇਸ਼ਨ ਨੂੰ ਮੁਅੱਤਲ ਕਰਨਾ ਪਿਆ। ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸੇ ਜਲ-ਥਲ ਹੋ ਗਏ। ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਚਾਰ ਹੋਰ ਲੋਕਾਂ ਦੀ ਵੀ ਮੌਤ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ‘ਚ ਬੀਤੇ ਦਿਨ 228.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ 1936 ਤੋਂ ਬਾਅਦ ਜੂਨ ਮਹੀਨੇ ‘ਚ ਹੋਈ ਸਭ ਤੋਂ ਜ਼ਿਆਦਾ ਬਾਰਿਸ਼ ਹੈ। ਆਈ.ਐਮ.ਡੀ. ਦੇ ਅਨੁਸਾਰ, ਸ਼ਹਿਰ ਦੇ ਪ੍ਰਾਇਮਰੀ ਮੌਸਮ ਕੇਂਦਰ ਸਫਦਰਜੰਗ ਵਿੱਚ 228.1 ਮਿਲੀਮੀਟਰ, ਲੋਧੀ ਰੋਡ ਮੌਸਮ ਭਵਨ ਵਿੱਚ 192.8 ਮਿਲੀਮੀਟਰ, ਰਿਜ ਵਿੱਚ 150.4, ਪਾਲਮ ਵਿੱਚ 106.6 ਮਿਲੀਮੀਟਰ ਅਤੇ ਆਯਾ ਨਗਰ ਵਿੱਚ 66.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।