ਜਲੰਧਰ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ ਹੈ। ਦਰਅਸਲ ਇਨ੍ਹੀਂ ਦਿਨੀਂ ਭੰਡਾਰੇ ਦੇ ਨਾਲ-ਨਾਲ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ‘ਚ ਨਾਮਦਾਨ ਦਾ ਪ੍ਰੋਗਰਾਮ ਵੀ ਚੱਲ ਰਿਹਾ ਹੈ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ (Dera chief Baba Gurinder Singh Dhillon) ਵੱਲੋਂ 16 ਅਤੇ 17 ਸਤੰਬਰ ਨੂੰ ਬਿਆਸ ਵਿਖੇ ਪੰਜਾਬ ਦੇ ਕੁਝ ਸ਼ਹਿਰਾਂ ਦੀਆਂ ਸੰਗਤਾਂ ਲਈ ਨਾਮਦਾਨ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਕਿਸੇ ਕਾਰਨ ਇਹ ਨਾਮਦਾਨ ਪ੍ਰੋਗਰਾਮ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ 16 ਸਤੰਬਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ 17 ਸਤੰਬਰ ਨੂੰ ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਪਠਾਨਕੋਟ ਅਤੇ ਤਰਨਤਾਰਨ ਦੀ ਸੰਗਤਾਂ ਦੀ ਵਾਰੀ ਸੀ।
ਡੇਰੇ ਵੱਲੋਂ ਉਪਰੋਕਤ ਦੋਵੇਂ ਮਿਤੀਆਂ ਨੂੰ ਹੋਣ ਵਾਲੇ ਨਾਮਦਾਨ ਪ੍ਰੋਗਰਾਮ ਨੂੰ ਨਵੰਬਰ ਮਹੀਨੇ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਫਿਲਹਾਲ ਅਗਲੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਨਾਮਦਾਨ ਲੈਣ ਵਾਲੀ ਸੰਗਤ ਇਸ ਬਾਰੇ ਹੋਰ ਜਾਣਕਾਰੀ ਆਪਣੇ ਗ੍ਰਹਿ ਖੇਤਰ ਵਿੱਚ ਸਥਿਤ ਸਤਿਸੰਗ ਘਰ ਤੋਂ ਪ੍ਰਾਪਤ ਕਰ ਸਕਦੀ ਹੈ।