ਰਾਏਪੁਰ : ਛੱਤੀਸਗੜ੍ਹ (Chhattisgarh) ਦੀ ਰਾਜਧਾਨੀ ਰਾਏਪੁਰ ਦੇ ਬਾਹਰਵਾਰ ਅੱਜ ਟ੍ਰੈਕ ਦੇ ਕੋਲ ਸਥਿਤ ਇਕ ਲੋਹੇ ਦਾ ਖੰਭਾ ਚੱਲਦੀ ਟਰੇਨ ਦੇ ਡੱਬੇ ‘ਤੇ ਡਿੱਗ ਗਿਆ, ਜਿਸ ਕਾਰਨ ਇਸ ਘਟਨਾ ‘ਚ ਘੱਟੋ-ਘੱਟ 3 ਯਾਤਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 9.30 ਵਜੇ ਵਾਪਰੀ ਜਦੋਂ ਲੋਕਮਾਨਿਆ ਤਿਲਕ ਟਰਮੀਨਸ ਲਈ ਜਾ ਰਹੀ ਸ਼ਾਲੀਮਾਰ ਐਕਸਪ੍ਰੈਸ ਰਾਏਪੁਰ ਨੇੜੇ ਉਰਕੁਰਾ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਟ੍ਰੈਕ ਦੇ ਕਿਨਾਰੇ ਸਥਿਤ ਲੋਹੇ ਦਾ ਖੰਭਾ ਚੱਲਦੀ ਟਰੇਨ ‘ਤੇ ਡਿੱਗ ਗਿਆ, ਜਿਸ ਕਾਰਨ ਰੇਲਗੱਡੀ ਦੇ ਏਅਰ ਕੰਪਾਰਟਮੈਂਟ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਸਵਾਰੀਆਂ ਜ਼ਖ਼ਮੀ ਹੋ ਗਈਆਂ। ਅਧਿਕਾਰੀ ਨੇ ਦੱਸਿਆ ਕਿ ਟਰੇਨ ਦੇ ਰਾਏਪੁਰ ਸਟੇਸ਼ਨ ‘ਤੇ ਪਹੁੰਚਣ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਬਾਅਦ ਵਿੱਚ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਟਰੇਨ ਦੁਪਹਿਰ ਕਰੀਬ 12 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਹੋਈ। ਉਨ੍ਹਾਂ ਕਿਹਾ ਕਿ ਟ੍ਰੈਕ ਦੇ ਨੇੜੇ ਖੰਭੇ ਦੀ ਉਪਯੋਗਤਾ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply