ਅਮਰੀਕਾ : ਯੂਕਰੇਨ ਅਤੇ ਅਮਰੀਕਾ ਨੇ ਆਖ਼ਰਕਾਰ ਬੀਤੇ ਦਿਨ ਇਕ ਖਣਿਜ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ। ਇਸ ਸੌਦੇ ਦੇ ਤਹਿਤ, ਅਮਰੀਕਾ ਨੂੰ ਯੂਕਰੇਨ ਦੇ ਨਵੇਂ ਖਣਿਜ ਪ੍ਰੋਜੈਕਟਾਂ ਤਕ ਵਿਸ਼ੇਸ਼ ਪਹੁੰਚ ਮਿਲੇਗੀ। ਬਦਲੇ ਵਿਚ, ਅਮਰੀਕਾ ਯੂਕਰੇਨ ਦੇ ਪੁਨਰ ਨਿਰਮਾਣ ਵਿਚ ਨਿਵੇਸ਼ ਕਰੇਗਾ। ਇਸ ਸਮਝੌਤੇ ਦੇ ਤਹਿਤ, ਯੂਕਰੇਨ ਦੇ ਪੁਨਰ ਵਿਕਾਸ ਅਤੇ ਪੁਨਰ ਨਿਰਮਾਣ ਲਈ ਇਕ ਸਾਂਝਾ ਨਿਵੇਸ਼ ਫ਼ੰਡ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਟਰੰਪ ਪ੍ਰਸ਼ਾਸਨ ਨੇ ਇਸ ਸੌਦੇ ਬਾਰੇ ਤੁਰੰਤ ਬਹੁਤ ਸਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ, ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਦਾ ਅਮਰੀਕਾ ਦੀ ਫ਼ੌਜੀ ਸਹਾਇਤਾ ‘ਤੇ ਕੀ ਪ੍ਰਭਾਵ ਪਵੇਗਾ। ਸੂਤਰਾਂ ਅਨੁਸਾਰ, ਅੰਤਿਮ ਸੌਦੇ ਵਿਚ ਅਮਰੀਕਾ ਵਲੋਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਹਾਇਤਾ ਦੀ ਕੋਈ ਪੱਕੀ ਗਰੰਟੀ ਨਹੀਂ ਦਿੱਤੀ ਗਈ।
ਯੂਕਰੇਨ ਦੇ ਅਰਥਚਾਰੇ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਇਸ ਫ਼ੰਡ ਵਿਚ ਸਿੱਧੇ ਤੌਰ ‘ਤੇ ਜਾਂ ਫ਼ੌਜੀ ਸਹਾਇਤਾ ਰਾਹੀਂ ਯੋਗਦਾਨ ਪਾਏਗਾ, ਜਦੋਂ ਕਿ ਯੂਕਰੇਨ ਅਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਤੋਂ ਹੋਣ ਵਾਲੀ ਅਪਣੀ ਆਮਦਨ ਦਾ 50% ਇਸ ਫ਼ੰਡ ਵਿਚ ਯੋਗਦਾਨ ਪਾਏਗਾ। ਮੰਤਰਾਲੇ ਨੇ ਕਿਹਾ ਕਿ ਫ਼ੰਡ ਦਾ ਸਾਰਾ ਪੈਸਾ ਪਹਿਲੇ 10 ਸਾਲਾਂ ਲਈ ਸਿਰਫ਼ ਯੂਕਰੇਨ ਵਿਚ ਹੀ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ, ਮੁਨਾਫ਼ਾ ਦੋਵਾਂ ਭਾਈਵਾਲਾਂ ਵਿਚਕਾਰ ਵੰਡਿਆ ਜਾ ਸਕਦਾ ਹੈ।
ਟੈਲੀਗ੍ਰਾਮ ‘ਤੇ ਇੱਕ ਪੋਸਟ ਵਿਚ, ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਹਾਲ ਨੇ ਲਿ ਖਿਆ ਕਿ ਸੌਦੇ ਦੇ ਹਿੱਸੇ ਵਜੋਂ ਬਣਾਏ ਜਾਣ ਵਾਲੇ ਨਿਵੇਸ਼ ਫ਼ੰਡ ਵਿਚ ਦੋਵਾਂ ਦੇਸ਼ਾਂ ਨੂੰ ਬਰਾਬਰ ਵੋਟਿੰਗ ਅਧਿਕਾਰ ਹੋਣਗੇ, ਅਤੇ ਯੂਕਰੇਨ ਅਪਣੀ ਜ਼ਮੀਨ ਦੇ ਹੇਠਾਂ ਸਰੋਤਾਂ, ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤਾਂ ‘ਤੇ ਪੂਰਾ ਕੰਟਰੋਲ ਬਰਕਰਾਰ ਰੱਖੇਗਾ।
The post ਯੂਕਰੇਨ ਤੇ ਅਮਰੀਕਾ ਨੇ ਆਖ਼ਰਕਾਰ ਇਕ ਖਣਿਜ ਸਮਝੌਤੇ ‘ਤੇ ਕੀਤੇ ਦਸਤਖ਼ਤ appeared first on Time Tv.
Leave a Reply