ਹਰਦਾ: ਮੱਧ ਪ੍ਰਦੇਸ਼ ਦੇ ਹਰਦਾ ‘ਚ ਮਗਰਧਾ ਰੋਡ ‘ਤੇ ਸਥਿਤ ਇਕ ਪਟਾਕਾ ਫੈਕਟਰੀ (firecracker factory) ‘ਚ ਧਮਾਕਾ ਹੋਇਆ ਹੈ। ਆਤਿਸ਼ਬਾਜ਼ੀ ਦੇ ਬਾਰੂਦ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਇਸ ਨੇ ਵੱਡਾ ਰੂਪ ਧਾਰਨ ਕਰ ਲਿਆ। ਫੈਕਟਰੀ ਵਿੱਚ ਇੱਕ ਤੋਂ ਬਾਅਦ ਇੱਕ 11 ਤੋਂ 15 ਧਮਾਕੇ ਹੋਏ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਫੈਕਟਰੀ ਦੇ ਆਲੇ-ਦੁਆਲੇ 60 ਤੋਂ ਵੱਧ ਘਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਲੋਕਾਂ ਵਿਚ ਭਗਦੜ ਮੱਚ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭੂਚਾਲ ਵਰਗੇ ਝਟਕੇ ਕਈ ਕਿਲੋਮੀਟਰ ਦੂਰ ਮਹਿਸੂਸ ਕੀਤੇ ਗਏ। ਬਾਰੂਦ ਫੈਕਟਰੀ ਤੋਂ ਕਈ ਕਿਲੋਮੀਟਰ ਦੂਰ ਖਿੱਲਰਿਆ ਪਿਆ ਹੈ। ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਗੰਭੀਰ ਜ਼ਖ਼ਮੀਆਂ ਨੂੰ ਇੰਦੌਰ ਮੈਡੀਕਲ ਕਾਲਜ ਅਤੇ ਏਮਜ਼ ਭੋਪਾਲ ਦੇ ਬਰਨ ਯੂਨਿਟ ਵਿੱਚ ਭੇਜਿਆ ਗਿਆ ਹੈ। ਇਸ ਲਈ ਵਿਸ਼ੇਸ਼ ਗ੍ਰੀਨ ਕੋਰੀਡੋਰ ਬਣਾਏ ਗਏ ਹਨ। ਘਟਨਾ ਵਾਲੀ ਥਾਂ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਹੈਰਾਨ ਕਰਨ ਵਾਲੀਆਂ ਹਨ। ਅੱਗ ਨਾਲ ਸਭ ਕੁਝ ਸੜ ਗਿਆ। ਕਈ ਲੋਕ ਝੁਲਸ ਗਏ ਅਤੇ ਆਸਪਾਸ ਦੇ ਕਈ ਪਸ਼ੂ ਵੀ ਇਸ ਦੀ ਲਪੇਟ ਵਿੱਚ ਆ ਗਏ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।