ਕੋਟਕਪੂਰਾ : ਸਥਾਨਕ ਜੈਤੋ ਰੋਡ ਦੇ ਨਾਲ ਲੱਗਦੇ ਗੁਰਦੁਆਰਾ ਬਾਜ਼ਾਰ (Gurudwara Bazar) ਦੇ ਮੋੜ ’ਤੇ ਖੜ੍ਹੀ ਇੱਕ ਵਪਾਰੀ ਦੀ ਕਾਰ ’ਤੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਕਾਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਅਤੇ ਕਾਰ ਦਾ ਮਾਲਕ ਆਪਣੇ ਸਾਥੀ ਸਮੇਤ ਬਾਜ਼ਾਰ ਗਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. (ਡੀ) ਫਰੀਦਕੋਟ ਸੰਜੀਵ ਕੁਮਾਰ, ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਨੇ ਪੁਲਿਸ ਅਤੇ ਸੀ.ਆਈ.ਏ ਸਟਾਫ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅਬੋਹਰ ਨਿਵਾਸੀ ਕੱਪੜਾ ਕਾਰੋਬਾਰੀ ਰਾਹੁਲ ਕੁਮਾਰ ਰੋਜ਼ਾਨਾ ਵਾਂਗ ਬੀਤੇ ਦਿਨ ਕੋਟਕਪੂਰਾ ਬਾਜ਼ਾਰ ‘ਚ ਆਇਆ ਹੋਇਆ ਸੀ। ਉਸ ਨੇ ਜੈਤੋ ਰੋਡ ਤੋਂ ਗੁਰਦੁਆਰਾ ਬਜ਼ਾਰ ਨੂੰ ਜਾਂਦੀ ਗਲੀ ਦੇ ਮੋੜ ‘ਤੇ ਆਪਣੀ ਕਾਰ ਪਾਰਕ ਕੀਤੀ ਅਤੇ ਖੁਦ ਬਾਜ਼ਾਰ ਚਲਾ ਗਿਆ। ਥੋੜ੍ਹੇ ਸਮੇਂ ਵਿੱਚ ਹੀ ਇੱਕ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਜੋ ਕਿ ਬਾਜ਼ਾਰ ਵਾਲੇ ਪਾਸਿਓਂ ਆਏ ਸਨ, ਨੇ ਉਸਦੀ ਖੜੀ ਕਾਰ ‘ਤੇ ਫਾਇਰਿੰਗ ਕੀਤੀ ਅਤੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਏ। ਇਸ ਸਬੰਧੀ ਰਾਹੁਲ ਕੁਮਾਰ ਨੇ ਦੱਸਿਆ ਕਿ ਉਹ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਹਰ ਹਫ਼ਤੇ ਕੋਟਕਪੂਰਾ ਆਉਂਦਾ ਹੈ।

ਉਸ ਨੇ ਦੱਸਿਆ ਕਿ ਉਹ ਆਪਣੀ ਕਾਰ ਪਾਰਕ ਕਰਕੇ ਬਾਜ਼ਾਰ ਗਿਆ ਸੀ ਜਦੋਂ ਬਾਅਦ ਵਿਚ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਕਾਰ ‘ਤੇ ਗੋਲੀਬਾਰੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਦੂਜੇ ਪਾਸੇ ਵਪਾਰੀ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਜ਼ਾਰ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਖੜ੍ਹੀ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਡੀ.ਐਸ.ਪੀ. (ਡੀ) ਫਰੀਦਕੋਟ ਸੰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਨੇ 32 ਬੋਰ ਦੇ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਘਟਨਾ ਤੋਂ ਜਾਪਦਾ ਹੈ ਕਿ ਇਹ ਕਿਸੇ ਨੂੰ ਮਾਰਨ ਦੀ ਨੀਅਤ ਨਹੀਂ ਸੀ ਬਲਕਿ ਕਿਸੇ ਨੂੰ ਡਰਾਉਣ ਦੀ ਨੀਅਤ ਨਾਲ ਗੋਲੀਬਾਰੀ ਕੀਤੀ ਗਈ ਸੀ ਅਤੇ ਉਨ੍ਹਾਂ ਦਾ ਨਿਸ਼ਾਨਾ ਕੁਝ ਹੋਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਹਿਚਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply