ਮੈਕਸੀਕੋ : ਮੈਕਸੀਕੋ ਦੇ ਦੱਖਣ-ਪੂਰਬੀ ਰਾਜ ਕੁਇੰਟਾਨਾ ਰੂ (Quintana Roo) ਵਿੱਚ ਬੀਤੀ ਸਵੇਰ ਇੱਕ ਟਰਾਲੇ ਅਤੇ ਇੱਕ ਟਰਾਂਸਪੋਰਟ ਵੈਨ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿੱਚ 3 ਨਾਬਾਲਗਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਕੁਇੰਟਾਨਾ ਰੂ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਦੇ ਇਕ ਬਿਆਨ ਅਨੁਸਾਰ, ਫੈਡਰਲ ਹਾਈਵੇਅ 307 ‘ਤੇ ਵਾਪਰੇ ਇਸ ਹਾਦਸੇ ‘ਚ 6 ਲੋਕ ਜ਼ਖ਼ਮੀ ਵੀ ਹੋਏ ਹਨ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 4:00 ਵਜੇ ਐਕਸ-ਹੇਜ਼ਲੀ ਚੌਰਾਹੇ ਨੇੜੇ ਹਾਈਵੇਅ ਦੇ ਰਿਫਾਰਮਾ ਐਗਰਰੀਆ-ਪਿਊਟਰ ਜੁਆਰੇਜ਼ ਸੈਕਸ਼ਨ ‘ਤੇ ਵਾਪਰਿਆ ਹੈ। ਟਰਾਲੇ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਟਰਾਲਾ ਵੈਨ ਨਾਲ ਟਕਰਾ ਗਿਆ।
ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਵੈਨ ਨੂੰ ਤੁਰੰਤ ਅੱਗ ਲੱਗ ਗਈ, ਜਦੋਂ ਕਿ ਟਰੈਕਟਰ-ਟ੍ਰੇਲਰ ਡਰਾਈਵਰ ਵਾਹਨ ਨੂੰ ਮੌਕੇ ਤੋਂ ਭਜਾ ਕੇ ਲੈ ਗਿਆ। ਕੁਇੰਟਾਨਾ ਰੂ ਗਵਰਨਰ ਮਾਰਾ ਲੇਜ਼ਾਮਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਦੁਖਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਵਰਤਣ ਲਈ ਕਿਹਾ ਕਿਉਂਕਿ ਹਾਈਵੇਅ ਦਾ ਉਹ ਹਿੱਸਾ ਅਸਥਾਈ ਤੌਰ ‘ਤੇ ਬੰਦ ਕੀਤਾ ਹੋਇਆ ਹੈ।