ਮਹਿਲਾ ਟੀ-20 ਵਿਸ਼ਵ ਕੱਪ 2024 ਲਈ ਪਾਕਿਸਤਾਨੀ ਟੀਮ ਦਾ ਕੀਤਾ ਐਲਾਨ, ਫਾਤਿਮਾ ਸਨਾ ਨੂੰ ਟੀਮ ਦਾ ਕਪਤਾਨ ਕੀਤਾ ਨਿਯੁਕਤ
By admin / August 25, 2024 / No Comments / Punjabi News
ਸਪੋਰਟਸ ਡੈਸਕ : ਤੇਜ਼ ਗੇਂਦਬਾਜ਼ ਫਾਤਿਮਾ ਸਨਾ ਨੂੰ ਆਗਾਮੀ ਮਹਿਲਾ ਟੀ-20 ਵਿਸ਼ਵ ਕੱਪ (Women’s T20 World Cup) ਲਈ ਪਾਕਿਸਤਾਨ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (The Pakistan Cricket Board) (ਪੀ.ਸੀ.ਬੀ) ਨੇ ਟੀ-20 ਵਿਸ਼ਵ ਕੱਪ 2024 ਲਈ ਤੇਜ਼ ਗੇਂਦਬਾਜ਼ ਫਾਤਿਮਾ ਸਨਾ ਨੂੰ 15 ਮੈਂਬਰੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਨਿਦਾ ਡਾਰ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਹੈ।
22 ਸਾਲਾ ਫਾਤਿਮਾ ਲਈ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਕਿਸੇ ਵੀ ਆਈ.ਸੀ.ਸੀ ਮੁਕਾਬਲੇ ਵਿੱਚ ਪਾਕਿਸਤਾਨ ਦੀ ਕਪਤਾਨੀ ਕਰੇਗੀ। ਉਹ ਇਸ ਤੋਂ ਪਹਿਲਾਂ ਦੋ ਵਾਰ ਪਾਕਿਸਤਾਨੀ ਵਨਡੇ ਟੀਮ ਦੀ ਅਗਵਾਈ ਕਰ ਚੁੱਕੇ ਹਨ। ਇਸ ਮੈਚ ‘ਚ ਪਾਕਿਸਤਾਨ ਨੇ ਨਿਊਜ਼ੀਲੈਂਡ ‘ਤੇ ਜਿੱਤ ਦਰਜ ਕੀਤੀ ਸੀ। ਕੌਮੀ ਚੋਣ ਕਮੇਟੀ ਵੱਲੋਂ ਕਪਤਾਨੀ ਵਿੱਚ ਕੀਤੇ ਗਏ ਇਸ ਬਦਲਾਅ ਤੋਂ ਇਲਾਵਾ ਪਾਕਿਸਤਾਨੀ ਟੀਮ ਪਹਿਲਾਂ ਵਾਂਗ ਹੀ ਹੈ।
ਪਿਛਲੇ ਮਹੀਨੇ ਮਹਿਲਾ ਟੀ-20 ਏਸ਼ੀਆ ਕੱਪ ‘ਚ ਗਈ ਟੀਮ ‘ਚ ਸਿਰਫ ਇਕ ਬਦਲਾਅ ਕੀਤਾ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਨਾਜ਼ੀਹਾ ਅਲਵੀ ਦੀ ਜਗ੍ਹਾ ਬੱਲੇਬਾਜ਼ ਸਦਾਫ ਸ਼ਮਸ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸਦਾਫ 2023 ਮਹਿਲਾ ਟੀ-20 ਵਿਸ਼ਵ ਕੱਪ ‘ਚ ਵੀ ਟੀਮ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ 3 ਅਕਤੂਬਰ ਤੋਂ ਸ਼ੁਰੂ ਹੋਵੇਗਾ। ਪਾਕਿਸਤਾਨ ਗਰੁੱਪ ਏ ‘ਚ ਆਸਟ੍ਰੇਲੀਆ, ਭਾਰਤ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੇ ਨਾਲ ਹੈ। ਬੰਗਲਾਦੇਸ਼ ਵਿੱਚ ਸਿਆਸੀ ਅਸਥਿਰਤਾ ਦੇ ਕਾਰਨ ਟੂਰਨਾਮੈਂਟ ਨੂੰ ਯੂ.ਏ.ਈ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਰ ਟੂਰਨਾਮੈਂਟ ਦੇ ਸੰਸ਼ੋਧਿਤ ਪ੍ਰੋਗਰਾਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਤਰ੍ਹਾਂ ਹੈ ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ:
ਫਾਤਿਮਾ ਸਨਾ (ਕਪਤਾਨ), ਆਲੀਆ ਰਿਆਜ਼, ਡਾਇਨਾ ਬੇਗ, ਗੁਲ ਫਿਰੋਜ਼ਾ, ਇਰਾਮ ਜਾਵੇਦ, ਮੁਨੀਬਾ ਅਲੀ (ਵਿਕਟਕੀਪਰ), ਨਸ਼ਰਾ ਸੰਧੂ, ਨਿਦਾ ਡਾਰ, ਓਮੈਮਾ ਸੋਹੇਲ, ਸਦਾਫ ਸ਼ਮਾਸ, ਸਾਦੀਆ ਇਕਬਾਲ (ਫਿਟਨੈਸ ਦੇ ਅਧੀਨ), ਸਿਦਰਾ ਅਮੀਨ, ਸਈਦਾ ਅਰੁਬ ਸ਼ਾਹ, ਤਸਮੀਆ ਰਬਾਬ ਅਤੇ ਤੂਬਾ ਹਸਨ।