ਅਯੁੱਧਿਆ : ਸਾਬਕਾ ਕੈਪਟਨ ਅਮਰਿੰਦਰ ਸਿੰਘ (Former Captain Amarinder Singh) ਦੀ ਪਤਨੀ ਭਾਜਪਾ ਵੱਲੋਂ ਲੋਕ ਸਭਾ ਦੀਆ ਚੋਣਾਂ (Lok Sabha elections) ਲੜਣ ਜਾ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Praneet Kaur) ਨੇ ਅੱਜ ਅਯੋਧਿਆ ਵਿਖੇ ਭਗਵਾਨ ਰਾਮ ਦੇ ਜਨਮ ਅਸਥਾਨ ਪਵਿੱਤਰ ਸ੍ਰੀ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਪਹੁੰਚੇ। ਅਯੁੱਧਿਆ ਹਵਾਈ ਅੱਡੇ ‘ਤੇ ਆਪਣੀ ਆਮਦ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, ”ਮੈਂ ਅੱਜ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਅਸਥਾਨ ਪਵਿੱਤਰ ਰਾਮ ਮੰਦਰ ਵਿਖੇ ਨਤਮਸਤਕ ਹੋਣ ਅਤੇ ਮੱਥਾ ਟੇਕਣ ਲਈ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਇਹ ਬਹੁਤ ਹੀ ਪਵਿੱਤਰ ਸਥਾਨ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ਅਤੇ ਮੈਂ ਇਹ ਮੌਕਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਮੈਂ ਰਾਮ ਲੱਲਾ ਜੀ ਨੂੰ ਪ੍ਰਾਰਥਨਾ ਕਰਾਂਗੀ ਕਿ ਉਹ ਪਟਿਆਲਾ, ਪੰਜਾਬ ਅਤੇ ਪੂਰੇ ਦੇਸ਼ ਦੇ ਲੋਕਾਂ ‘ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ।”

ਉਨ੍ਹਾਂ ਨੇ ਅੱਗੇ ਦੱਸਿਆ, “ਮੈਂ ਗੁਰਦੁਆਰਾ ਸ੍ਰੀ ਨਜ਼ਰਬਾਗ ਸਾਹਿਬ ਦੇ ਵੀ ਦਰਸ਼ਨ ਕਰਾਂਗੀ, ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ 2 ਦਿਨ ਠਹਿਰੇ ਸਨ। ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਬਾਲ ਅਵਸਥਾ ਦੌਰਾਨ ਪਟਨਾ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਦੌਰਾਨ ਇਸ ਸਥਾਨ ‘ਤੇ ਠਹਿਰੇ ਸਨ। ਅਯੁੱਧਿਆ ਦੇ ਤਤਕਾਲੀ ਰਾਜਾ ਰਾਜਾ ਮਾਨ ਸਿੰਘ ਨੇ ਵੀ ਗੁਰੂ ਸਾਹਿਬ ਨੂੰ ਸਤਿਕਾਰ ਵਜੋਂ ਇੱਕ ਸੁੰਦਰ ਬਾਗ਼ ਨਜ਼ਰਾਨ ਕੀਤਾ ਸੀ, ਇਸ ਤਰ੍ਹਾਂ ਇਸ ਦਾ ਨਾਮ ਗੁਰਦੁਆਰਾ ਨਜ਼ਰਬਾਗ ਸਾਹਿਬ ਰੱਖਿਆ ਗਿਆ।” ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਦੱਸਿਆ।

Leave a Reply